ਬਠਿੰਡਾ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਦੀਆਂ ਦੋ ਬੱਚੀਆਂ ਮੈਰਿਟ ’ਚ ਆਈਆਂ
ਅਸ਼ੋਕ ਵਰਮਾ
ਬਠਿੰਡਾ,20 ਅਪਰੈਲ 2024: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਦਸਵੀਂ ਪ੍ਰੀਖਿਆ ਦੇ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਪੱਧਰ ਤੇ ਸੱਤਵਾਂ ਅਤੇ ਤੇਰਵਾਂ ਰੈਂਕ ਹਾਸਿਲ ਕਰਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 650 ਅੰਕਾਂ ਵਿੱਚੋਂ 639 ਅੰਕ ਹਾਸਿਲ ਕਰਕੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਿਲ ਕੀਤਾ ਹੈ ਜਦੋਂਕਿ ਹਰਮਨਪ੍ਰੀਤ ਕੌਰ 633 ਅੰਕ ਹਾਸਿਲ ਕਰਕੇ ਪੰਜਾਬ ਵਿੱਚੋਂ 13ਵੇਂ ਰੈਂਕ ਤੇ ਰਹੀ ਹੈ।ਇਹ ਦੋਹੇਂ ਲੜਕੀਆਂ ਪਿੰਡ ਨਹੀਆਂ ਵਾਲਾ ਦੀਆਂ ਹੀ ਹਨ।
ਸਕੂਲ ਮੁਖੀ ਸਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ , ਬਲਜੀਤ ਕੌਰ (ਮਾਤਾ) ਨੇ 98.31 ਫੀਸਦੀ ਅੰਕ ਹਾਸਿਲ ਕਰਕੇ ਬਠਿੰਡਾ ਜਿਲ੍ਹੇ ਭਰ ਵਿੱਚੋਂ ਪਹਿਲਾ ਅਤੇ ਪੰਜਾਬ ਪੱੱਧਰ ਤੇ 7 ਵਾਂ ਰੈਂਕ ਹਾਸਿਲ ਕੀਤਾ ਹੈ , ਜਦੋਂ ਕਿ ਹਰਮਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ, ਰਾਜਵਿੰਦਰ ਕੌਰ (ਮਾਤਾ) ਨੇ 97.38 ਫੀਸਦੀ ਅੰਕ ਕਰਕੇ ਜਿਲ੍ਹਾ ਬਠਿੰਡਾ ਵਿੱਚੋਂ ਦੂਸਰਾ ਅਤੇ ਪੰਜਾਬ ਪੱਧਰ ਤੇ 13 ਵਾਂ ਰੈਂਕ ਹਾਸਿਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਦੋਂ ਹੀ ਬੋਰਡ ਵੱਲੋਂ ਨਤੀਜਾ ਐਲਾਨਿਆ ਗਿਆ ਤਾਂ ਦੋਹਾਂ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਆਉਣ ਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਵਿਦਿਆਰਥਣ ਜਸਪ੍ਰੀਤ ਕੌਰ ਆਪਣੀ ਪੜਾਈ ਪੂਰੀ ਕਰਕੇ ਆਰਮੀ ਅਫਸਰ ਬਣਨ ਦੀ ਇੱਛਾ ਪ੍ਰਗਟਾਈ ਜਦੋਂ ਕਿ ਹਰਮਨਪ੍ਰੀਤ ਕੌਰ ਚਾਰਟਡ ਅਕਾਊਂਟਡ ਬਣਨਾ ਚਾਹੁੰਦੀ ਹੈ। ਇੰਨ੍ਹਾਂ ਬੱਚੀਆਂ ਨੇ ਆਪਣੀ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਕਾਰਨ ਹੀ ਅਜਿਹਾ ਨਤੀਜਾ ਸੰਭਵ ਹੋਇਆ ਹੈ। ਦਸਵੀਂ ਜਮਾਤ ਦੀ ਇੰਚਾਰਜ ਸ਼੍ਰੀਮਤੀ ਬਲਜਿੰਦਰ ਕੌਰ ਮਹਿਮੀ ਨੇ ਦੱਸਿਅ ਕਿ ਵਿਦਿਆਰਥਣ ਜਸਪ੍ਰੀਤ ਕੌਰ ਨੇ ਇਸ ਤੋਂ ਪਹਿਲਾ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇਸਟੀਚਿਊਟ ਦੀ ਮੁਕਾਬਲਾ ਪ੍ਰੀਖਿਆ ਵੀ ਪਾਸ ਕੀਤੀ ਗਈ ਸੀ ਜੋ ਕਿ ਪੰਜਾਬ ਪੱਧਰ ਤੇ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਸਿੰਘ ਅਤੇ ਸਟਾਫ ਨੇ ਵਿਦਿਆਰਥਣਾਂ ਅਤੇ ਮਾਪਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ।