ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਇੱਕ ਰੋਜ਼ਾ ਬੈਡਮਿੰਟਨ ਟੂਰਨਾਮੈਂਟ
ਦਰਸ਼ਨ ਸਿੰਘ ਗਰੇਵਾਲ:
ਰੂਪਨਗਰ 26 ਮਾਰਚ 2024 - ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਇੱਕ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਖੇਡ ਪ੍ਰਤਿਭਾ ਵੱਲ ਪ੍ਰੇਰਿਤ ਕਰਨਾ ਸੀ। ਲੜਕੇ ਅਤੇ ਲੜਕੀਆਂ ਦੇ ਸਿੰਗਲ ਮੁਕਾਬਲਿਆਂ ਵਾਲੇ ਇਸ ਟੂਰਨਾਮੈਂਟ ਦੀ ਅਗਵਾਈ ਉਂਕਾਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਵੱਲੋਂ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ.ਬਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤੀ ਗਈ ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ ਕਰੀਬ 40 ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ।
ਇਸ ਟੂਰਨਾਮੈਂਟ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੜ੍ਹਾਈ ਦੇ ਨਾਲ-2 ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਇਸ ਲਈ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਵਿਕਾਸ ਲਈ ਪੜ੍ਹਾਈ ਦੇ ਨਾਲ-2 ਖੇਡਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ.ਬਿੰਦਰਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਅਤੇ ਖੇਡਾਂ ਵਿੱਚ ਸਾਕਾਰਾਤਮਕ ਨਜ਼ਰੀਏ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਸ਼ਰੀਰ ਨਰੋਆ ਤੇ ਤੰਦਰੁਸਤ ਰਹਿੰਦਾ ਹੈ।
ਲੜਕਿਆਂ ਦੇ ਸਿੰਗਲ ਮੁਕਾਬਲਿਆਂ ਵਿੱਚ ਬੀ. ਫਾਰਮੈਸੀ ਦੇ ਅਦਿੱਤਿਆ ਸ਼ਰਮਾਂ ਨੇ ਪਹਿਲਾ, ਹੋਟਲ ਮੈਨੇਜਮੈਂਟ ਦੇ ਅਭਿਸ਼ੇਕ ਨੇ ਦੂਸਰਾ ਅਤੇ ਬੀ.ਫਾਰਮੈਸੀ ਦੇ ਦਿਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਸਿੰਗਲ ਮੁਕਾਬਲਿਆਂ ਵਿੱਚ ਬੀ.ਫਾਰਮੈਸੀ ਦੀ ਦਿਕਸ਼ਾ ਨੇ ਪਹਿਲਾ, ਐਮ.ਬੀ.ਏ. ਦੀ ਪਰਵਿੰਦਰ ਕੌਰ ਨੇ ਦੂਸਰਾ ਅਤੇ ਬੀ.ਟੈੱਕ - ਕੰਪਿਊਟਰ ਸਾਇੰਸ ਦੀ ਜ਼ੋਇਆ ਪ੍ਰਵੀਨ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ.ਬਿੰਦਰਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਉਨ੍ਹਾਂ ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਉਂਕਾਰ ਸਿੰਘ ਅਤੇ ਨਿਲੇਸ਼ਵਰ ਟਾਕ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ੇਸ ਤੌਰ ਤੇ ਭਰਤ ਭੂਸ਼ਨ ਵੱਲੋਂ ਸਟੇਜ ਸੰਚਾਲਨ ਦੀ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਜਤਿੰਦਰ ਸਿੰਘ, ਡਾ. ਕੰਚਨ ਸ਼ਰਮਾਂ, ਡਾ. ਪ੍ਰਵਨੀਤ ਕੌਰ, ਆਰਕੀਟੈਕਟ ਗੁਰਪ੍ਰੀਤ ਸਿੰਘ, ਡਾ. ਜੋਤੀ ਦੇਵੀ ਆਦਿ ਹਾਜ਼ਰ ਸਨ।