ਆਈ.ਕੇ.ਜੀ ਪੀ.ਟੀ.ਯੂ ਵਿਚ ਭਾਰਤੀ ਭਾਸ਼ਾ ਕਾਨਫਰੰਸ "ਸਾਡੀ ਮਾਂ ਬੋਲੀ ਪੰਜਾਬੀ" ਦਾ ਸਫ਼ਲ ਪ੍ਰੋਗਰਾਮ ਕਰਵਾਇਆ ਗਿਆ
- “ਪੰਜਾਬੀ ਭਾਸ਼ਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ” ਵਿਸ਼ੇ ਉਪਰ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇਹ ਪਹਿਲੀ ਕਾਨਫਰੰਸ ਸੀ
- ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪ੍ਰੋ (ਡਾ) ਐਚ.ਐਸ.ਬੇਦੀ ਰਹੇ ਮੁੱਖ ਮਹਿਮਾਨ, ਨਾਮਵਰ ਸਿੱਖਿਆ ਸ਼ਾਸਤਰੀ ਹੋਏ ਸ਼ਾਮਿਲ
- ਪੰਜਾਬੀ ਭਾਸ਼ਾ ਦੀ ਬਣਤਰ ਨੂੰ ਸੰਸਕ੍ਰਿਤ ਦੀ ਵਿਕਾਸ ਯਾਤਰਾ ਤੋਂ ਬਗੈਰ ਨਹੀਂ ਸਮਝਿਆ ਜਾ ਸਕਦਾ : ਡਾ. ਹਰਮੋਹਿੰਦਰ ਸਿੰਘ ਬੇਦੀ
- ਵਿਸ਼ਵ ਪੱਧਰ ਤੇ ਪੰਜਾਬੀ ਭਾਸ਼ਾ ਨੂੰ ਮਾਨਤਾ ਤੇ ਮੋਹਰੀ ਹੋਣਾ, ਸਾਡੇ ਲਈ ਮਾਣ ਵਾਲੀ ਗੱਲ: ਪ੍ਰੋ.(ਡਾ.) ਸੁਸ਼ੀਲ ਮਿਤਲ, ਉਪ ਕੁਲਪਤੀ ਆਈ.ਕੇ.ਜੀ ਪੀ.ਟੀ.ਯੂ
ਜਲੰਧਰ/ਕਪੂਰਥਲਾ, 22 ਮਾਰਚ 2024 - ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ) ਵੱਲੋਂ ਭਾਸ਼ਾ ਦੇ ਵਿਕਾਸ, ਹੋਂਦ ਤੇ ਤਕਨੀਕ ਵਿਚ ਨਵੇਕਲੇ ਕਾਰਜਾਂ ਵਿਚ ਇਸਦੀ ਅਹਿਮੀਅਤ ਨੂੰ ਨੇੜੇ ਤੋਂ ਜਾਨਣ-ਸਮਝਣ ਦੇ ਉਦੇਸ਼ ਨਾਲ ਭਾਰਤੀ ਭਾਸ਼ਾ ਕਾਨਫਰੰਸ "ਸਾਡੀ ਮਾਂ ਬੋਲੀ ਪੰਜਾਬੀ" ਦਾ ਸਫ਼ਲ ਆਯੋਜਨ ਸ਼ੁਕਰਵਾਰ ਨੂੰ ਕੀਤਾ ਗਿਆ! “ਪੰਜਾਬੀ ਭਾਸ਼ਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ” ਵਿਸ਼ੇ ਉਪਰ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇਹ ਪਹਿਲੀ ਕਾਨਫਰੰਸ ਸੀ! ਇਹ ਆਯੋਜਨ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਚ ਕੀਤਾ ਗਿਆ! ਇਸ ਵਿੱਚ ਨਾਮਵਰ ਸਿੱਖਿਆ ਸ਼ਾਸਤਰੀ ਪ੍ਰੋ (ਡਾ) ਹਰਮੋਹਿੰਦਰ ਸਿੰਘ ਬੇਦੀ (ਚਾਂਸਲਰ, ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼) ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ!
ਪੰਜਾਬੀ ਭਾਸ਼ਾ ਚਿੰਤਕ ਡਾ.ਅਮਰਜੀਤ ਸਿੰਘ ਗਰੇਵਾਲ, ਰਿਟਾਇਰਡ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਸਨਮਾਨਿਤ ਮਹਿਮਾਨ ਵਜੋਂ ਪਧਾਰੇ! ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨਾਮਵਰ ਸਿੱਖਿਆ ਸ਼ਾਸਤਰੀ ਡਾ.ਸੀ.ਪੀ.ਕੰਬੋਜ ਵਿਸ਼ੇਸ਼ ਵਕਤਾ ਵੱਜੋਂ ਸ਼ਾਮਿਲ ਹੋਏ! ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਮੇਜ਼ਬਾਨ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ ) ਸੁਸ਼ੀਲ ਮਿੱਤਲ ਨੇ ਕੀਤੀ! ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਨੇ ਸੁਆਗਤੀ ਮੰਡਲ ਦੀ ਪ੍ਰਧਾਨਗੀ ਕੀਤੀ! ਕਾਨਫ਼ਰੰਸ ਵਿਚ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਕਈ ਨਾਮਵਰ ਸਿੱਖਿਆ ਸਾਸ਼ਤਰੀ, ਸਾਹਿਤਕਾਰ ਵੀ ਸ਼ਾਮਿਲ ਹੋਏ! ਕਾਨਫ਼ਰੰਸ ਦੇ ਕੁੱਲ ਚਾਰ ਸੈਸ਼ਨ ਹੋਏ, ਜ੍ਹਿਨਾਂ ਵਿਚੋਂ ਪਹਿਲਾ ਉਦਘਾਟਨੀ ਤੇ ਚੌਥਾ ਵਿਦਾਇਗੀ ਸੈਸ਼ਨ ਰਿਹਾ! ਇਸ ਵਿਚਕਾਰ ਦੋ ਅਕਾਦਮਿਕ ਸੈਸ਼ਨ ਹੋਏ, ਜ੍ਹਿਨਾਂ ਵਿਚ ਭਾਸ਼ਾ ਵਿਗਿਆਨੀਆਂ, ਮਾਹਿਰਾਂ ਵੱਲੋਂ ਪੇਪਰ ਪੜ੍ਹੇ ਗਏ!
ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਗਿਆਨ ਜਯੋਤੀ ਦੇ ਪ੍ਰਕਾਸ਼ ਨਾਲ ਹੋਈ! ਮਹਿਮਾਨਾਂ ਦਾ ਸਵਾਗਤ ਫੁੱਲ ਭੇਂਟ ਕਰਕੇ ਉਪ-ਕੁਪਲਤੀ ਪ੍ਰੋ (ਡਾ.) ਸ਼ੁਸ਼ੀਲ ਮਿਤਲ ਵੱਲੋਂ ਕੀਤਾ ਗਿਆ!
ਉਪ-ਕੁਲਪਤੀ ਪ੍ਰੋ (ਡਾ.) ਸੁਸ਼ੀਲ ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀ ਪੰਜਾਬੀ ਹਾ। ਵਿਸ਼ਵ ਪੱਧਰ ਤੇ ਪੰਜਾਬੀ ਭਾਸ਼ਾ ਨੂੰ ਮਾਨਤਾ ਤੇ ਮੋਹਰੀ ਹੋਣਾ, ਸਾਡੇ ਲਈ ਮਾਣ ਵਾਲੀ ਗੱਲ ਹੈ! ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਸਮੇਂ -ਸਮੇਂ ਤੇ ਬਦਲਾਅ ਆਇਆ ਹੈ। ਭਾਸ਼ਾ ਵਿੱਚ ਸਾਇੰਟਿਫਿਕ ਗ੍ਰੋਥ ਵੀ ਹੋਇਆ ਹੈ। ਉਨਾਂ ਪੰਜਾਬੀ ਭਾਸ਼ਾ ਨਾਲ ਜੁੜੇ ਆਪਣੇ ਵਿਦਿਆਰਥੀ ਜੀਵਨ ਸਮੇਂ ਦੇ ਕਈ ਪਹਿਲੂਆਂ ਤੇ ਕਿੱਸਿਆਂ ਨੂੰ ਸਾਂਝਾ ਕੀਤਾ!
ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਵੱਲੋਂ ਸਵਾਗਤੀ ਭਾਸ਼ਨ ਪੜਿਆ ਗਿਆ! ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਕਈ ਭਾਸ਼ਾਵਾਂ ਵਿੱਚ ਉਪਲੰਬਧ ਹੈ, ਪਰ ਪੰਜਾਬੀ ਭਾਸ਼ਾ ਵਿੱਚ ਨਹੀ ਹੈ! ਇਸਦੇ ਲਈ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਪੁਰਜ਼ੋਰ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਹਰ ਉਸ ਵਿਅਕਤੀ ਲਈ ਜਰੂਰੀ ਹੈ, ਜੋ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦਾ ਹੈ।
ਮੁੱਖ ਮਹਿਮਾਨ ਪ੍ਰੋ (ਡਾ.) ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਪ੍ਰਤੀ ਏਸ਼ੀਆਈ ਦੇਸ਼ ਬਹੁਤ ਜਾਗਰੂਕਤਾ ਦਿਖਾ ਰਹੇ ਹਨ, ਖਾਸ ਕਰਕੇ ਜਿਹੜੇ ਦੇਸ਼ ਵਿਕਸਿਤ ਹੋ ਰਹੇ ਹਨ। ਉਹ ਭਾਸ਼ਾਂ ਰਾਹੀਂ ਆਪਣੀਆਂ ਜੜ੍ਹਾ ਨੂੰ ਮਜ਼ਬੂਤ ਕਰਨ ਤੇ ਸੱਭਿਆਚਾਰ ਨਾਲ ਜੁੜਨ ਲਈ ਬੇਹੱਦ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ 24 ਭਾਰਤੀ ਭਾਸ਼ਾਵਾਂ ਸਵਕਰਿਤ ਹਨ ਅਤੇ ਇਹਨਾਂ ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਰਿਗਵੇਦ ਪੁਰਾਣ ਗ੍ਰੰਥ ਹੈ। ਪੰਜਾਬੀ ਭਾਸ਼ਾਂ ਦੀ ਬਣਤਰ ਨੂੰ ਸੰਸਕ੍ਰਿਤ ਦੀ ਵਿਕਾਸ ਯਾਤਰਾ ਤੋਂ ਬਗੈਰ ਨਹੀਂ ਸਮਝਿਆ ਜਾ ਸਕਦਾ ਹੈ। ਦੇਸ ਦੀਆਂ 18 ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਹੀ ਨਿਕਲੀਆਂ ਹਨ। ਸੰਸਕ੍ਰਿਤ ਤੋਂ ਬਗੈਰ ਭਾਰਤੀ ਸੰਸਕ੍ਰਿਤੀ ਨੂੰ ਨਹੀਂ ਸਮਝਿਆ ਜਾ ਸਕਦਾ ਹੈ। ਲਵ-ਕੁਸ਼ ਕਾਂਡ ਭਗਵਾਨ ਵਾਲਮਿਕੀ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਵਿੱਚ ਆ ਕੇ ਹੀ ਲਿਖਿਆ ਹੈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਪੰਜਾਬੀ ਇੱਕ ਮਹਾਨ ਭਾਸ਼ਾ ਹੈ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਖਿਆ ਗਿਆ ਹੈ।
ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਗਰੇਵਾਲ, ਪੰਜਾਬੀ ਚਿੰਤਕ ਲੁਧਿਆਣਾ ਵੱਲੋਂ ਕੀਤੀ ਗਈ। ਸੈਸ਼ਨ ਦੀ ਸ਼ੁਰੂਆਤ ਵਿੱਚ ਡਾ. ਸੀ.ਪੀ. ਕੰਬੋਜ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਭਾਸ਼ਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਅੱਜ ਤੋਂ ਕਈ ਸਾਲ ਪਹਿਲਾਂ ਸਮਾਰਟ ਫੋਨਾਂ ਵਿੱਚ ਗੂਗਲ ਅਸਿਸਟ ਵਜੋਂ ਸਾਡੇ ਵਿਚਕਾਰ ਘੁੰਮ ਰਿਹਾ ਹੈ! ਇਸਦੀ ਕਾਰਗੁਜਾਰੀ ਰਾਹੀਂ ਅਸੀਂ ਆਪਣੇ ਦਿਨ ਦੀ ਸ਼ੁਰਆਤ ਕਰਦੇ ਹਾਂ। ਉਨਾਂ ਦੱਸਿਆ ਕਿ ਚੈਟ ਜੀਪੀਟੀ ਰਾਹੀਂ ਅਸੀ ਆਪਣੇ ਦਿਮਾਗ ਵਿੱਚ ਆ ਰਹੇ ਕਿਸੇ ਵੀ ਪ੍ਰਸ਼ਨ ਬਾਰੇ ਇਸ ਤੋਂ ਉਤਰ ਲੈ ਸਕਦੇ ਹਾਂ! ਉਨਾਂ 3-ਡੀ ਸਲਾਈਡਾਂ ਰਾਹੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਫੰਕਸ਼ਨ ਦਾ ਸੰਖੇਪ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ। ਉਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਇੱਕ ਕਮਾਈ ਦਾ ਸਰੋਤ ਹੈ, ਜਿਸ ਦੇ ਜਰੀਏ ਮੋਤੀ ਕਮਾਈ ਵਰਤਮਾਨ ਵਿਚ ਹੋ ਰਹੀ ਹੈ! ਇਸ ਦੌਰਾਨ ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਸੰਬੰਧਤ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਆਪਣੇ ਭਾਸ਼ਣ ਵਿੱਚ ਡਾ. ਗਰੇਵਾਲ ਨੇ ਕਿਹਾ ਗੂਗਲ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਪਲੇਟਫਾਰਮ ਤੇ ਜੈਮ ਇਨ ਸਾਫਟਵੇਅਰ ਲਾਂਚ ਕੀਤਾ ਹੈ, ਜੋ 09 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ, ਜਿਵੇਂ ਹਿੰਦੀ, ਬੰਗਲਾ, ਊਰਦੂ, ਮਰਾਠੀ ਅਤੇ ਸਾਊਥ ਇੰਡੀਆ ਦੀ ਸਾਰੀਆਂ ਭਾਸ਼ਾਵਾ। ਅਸੀ ਇਹ ਵੀ ਜਾਣਦੇ ਹਾਂ ਕਿ ਪੰਜਾਬੀ ਹਿੰਦੁਸਤਾਨ ਵਿੱਚ ਹਿੰਦੀ ਤੇ ਬੰਗਲਾ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਭਾਸ਼ਾ ਹੈ। ਉਨਾਂ ਉਦਾਹਰਣ ਦਿੰਦੇ ਹੋਏ ਕਿਹਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਸਾਹਮਣੇ ਮਨੁੱਖ ਦੀ ਉਹ ਸਥਿਤੀ ਹੋਵੇਗੀ, ਜੋ ਅਲਬਰਟ ਆਈਂਸਟਾਈਨ ਦੇ ਸਾਹਮਣੇ ਕਿਸੇ ਬੱਟਰਫਲਾਈ ਦੀ ਸੀ। ਆਰਟੀਫੀਸ਼ੀਅਲ ਇੰਟੈਲੀਜੈਂਸੀ ਬਹਤ ਸਾਰੀਆਂ ਮੁਸ਼ਕਲਾ ਅਤੇ ਚੁਣੋਤੀਆਂ ਲੈ ਕੇ ਆਵੇਗਾ। ਪਰ ਇਸ ਨਾਲ ਕਾਫੀ ਰੋਜ਼ਗਾਰ ਅਤੇ ਹੋਰ ਸਰੋਤਾਂ ਦੀ ਵੀ ਉਤਪੱਦੀ ਹੋਵੇਗੀ।
ਅਗਲੇ ਅਕਾਦਮਿਕ ਸੈਸ਼ਨ ਵਿੱਚ ਡਾ. ਤਜਿੰਦਰ ਸਿੰਘ ਸੈਣੀ ਅਤੇ ਡਾ. ਰਾਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਜੈਸਮੀਨ ਕੌਰ ਵੱਲੋਂ ਸ਼ਿਰਕਤ ਕੀਤੀ ਗਈ। ਡਾ. ਤਜਿੰਦਰ ਸਿੰਘ ਸੈਣੀ ਨੇ ਕਿਹਾ ਕਿ ਹੁਣ ਮੌਕਾ ਹੈ ਕਿ ਪੰਜਾਬੀ ਭਾਸ਼ਾ ਲਈ ਕੁਝ ਨਾ ਕੁਝ ਕਰਨ ਦਾ। ਜਿਸ ਕਿਸੇ ਕੋਲ ਪੰਜਾਬੀ ਭਾਸ਼ਾ ਨਾਲ ਸਬੰਧਤ ਡਾਟਾ, ਚਾਹੇ ਉਹ ਰਾਅ ਡਾਟਾ ਹੈ, ਉਹ ਵੀ ਕੰਮ ਵਿੱਚ ਲਿਆ ਜਾ ਸਕਦਾ ਹੈ।
ਕਾਨਫਰੰਸ ਦੀ ਸ਼ੁਰੂਆਤ ਜਾਣ-ਪਹਿਚਾਨ ਮੌਕੇ ਮੰਚ ਸੰਚਾਲਨ ਡਿਪਟੀ ਰਜਿਸਟਰਾਰ ਸੌਰਭ ਸ਼ਰਮਾਂ ਵੱਲੋਂ ਕੀਤਾ ਗਿਆ! ਅੰਤ ਵਿੱਚ ਸੈਸ਼ਨਲ ਰਿਪੋਰਟ ਅਤੇ ਧੰਨਵਾਦੀ ਸ਼ਬਦ ਡਾ. ਸਰਬਜੀਤ ਸਿੰਘ ਮਾਨ ਵੱਲੋਂ ਪੜੇ ਗਏ! ਕਾਨਫ਼ਰੰਸ ਵਿੱਚ ਯੂਨੀਵਰਸਿਟੀ ਫੈਕਲਟੀ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀਆਂ ਨੇ ਉਚੇਚੇ ਤੌਰ ਤੇ ਹਿੱਸਾ ਲਿਆ। ਇਸ ਮੌਕੇ ਡੀਨ ਕਾਲੇਜ ਵਿਕਾਸ ਡਾ. ਬਲਕਾਰ ਸਿੰਘ, ਡੀਨ ਵਿਦਿਆਰਥੀ ਭਲਾਈ ਪ੍ਰੋ (ਡਾ.) ਗੋਰਵ ਭਾਰਗਵ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਡਿਪਟੀ ਕੰਟਰੋਲਰ ਸੰਦੀਪ ਕਾਜਲ, ਅਤੇ ਹੋਰ ਅਧਿਕਾਰੀ ਤੇ ਫੈਕਲਟੀ ਮੈਂਬਰ ਵੀ ਸ਼ਾਮਲ ਰਹੇ।