ਐਮ ਐਸ ਸੀ ਕਰਕੇ ਵੀ ਨਹੀਂ ਮਿਲੀ ਨੌਕਰੀ ਤਾਂ ਅੰਮ੍ਰਿਤਧਾਰੀ ਲੜਕੀ ਮਾਂ ਨਾਲ ਲਾਉਣ ਲੱਗ ਪਈ ਝੋਨਾ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 26 ਜੂਨ 2022 - ਬੇਰੋਜ਼ਗਾਰੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਅਹਿਮ ਮਸਲਾ ਹੈ।ਗਰੀਬ ਘਰਾਂ ਦੇ ਨੌਜਵਾਨ ਸੋਚਦੇ ਹਨ ਕਿ ਜਿਆਦਾ ਪੜ ਲਿਖ ਕੇ ਉਹ ਚੰਗੀ ਨੌਕਰੀ ਅਤੇ ਰੁਤਬਾ ਹਾਸਲ ਕਰ ਲੈਣਗੇ ਪਰ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੀ ਪੈਸੇ ਪੱਖੋਂ ਮਾੜੇ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ੍ਹ ਥਾਂ ਥਾਂ ਤੇ ਭਟਕਨਾ ਪੈਂਦਾ ਹੈ।
ਇੱਥੇ ਘਰ ਘਰ ਨੋਕਰੀ ਅਤੇ ਹੁਨਰ ਨੂੰ ਤਰਜੀਹ ਦੇਣ ਦੇ ਸਰਕਾਰਾਂ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਥੱਕ ਹਾਰ ਕੇ ਕੁਝ ਨੌਜਵਾਨ ਤਾਂ ਆਪਣੇ ਹੁਨਰ ਅਤੇ ਪੜ੍ਹਾਈ ਨੂੰ ਦਰਕਿਨਾਰ ਕਰਕੇ ਘਰ ਬੈਠ ਕੇ ਛੋਟਾ ਮੋਟਾ ਕੰਮ ਧੰਧਾ ਹੀ ਅਪਨਾ ਲੈਣਾ ਚੰਗਾ ਸਮਝਦੇ ਹਨ। ਇੱਕ ਅਜਿਹੀ ਹੀ ਲੜਕੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਗੋਵਾਨਾਂ ਦੀ ਰਹਿਣ ਵਾਲੀ 25 ਸਾਲਾਂ ਮਨਪ੍ਰੀਤ ਕੌਰ ਵੀ ਹੈ ਜੋ ਐਮ ਐਸ ਸੀ ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਵੀ ਖੇਤਾਂ ਵਿਚ ਝੋਨਾ ਲਗਾਉਣ ਅਤੇ ਲੋਕਾਂ ਦੇ ਘਰਾਂ ਵਿੱਚ ਵੱਖ ਵੱਖ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੈ।
ਮਨਪ੍ਰੀਤ ਦੱਸਦੀ ਹੈ ਕਿ ਉਹ ਚਾਰ ਭੈਣ ਭਰਾ ਸਨ। ਹੁਣ ਘਰ ਵਿਚ ਉਹ ਉਸ ਦੀ ਛੋਟੀ ਭੈਣ ਅਤੇ ਮਾਂ ਹੀ ਰਹਿੰਦੇ ਹਨ। ਮਾਂ ਪਰਮਜੀਤ ਕੌਰ ਦਾ ਸੁਪਨਾ ਸੀ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਣ ਤਾਂ ਜੋ ਜਿਹੜੀ ਗਰੀਬੀ ਉਸ ਨੇ ਵੇਖੀ ਹੈ ਉਹ ਉਸ ਦੇ ਬੱਚਿਆਂ ਨੂੰ ਨਾ ਦੇਖਣੀ ਪਵੇ।ਵੱਡੀ ਭੈਣ ਗ੍ਰੈਜੂਏਟ ਹੈ ਅਤੇ ਉਸਨੇ ਕਈ ਭਰਤੀਆਂ ਵੇਖੀਆਂ ਪਰ ਅੱਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹਦੀ। ਉਹ ਲਗਭਗ ਦੋ ਸਾਲ ਪਹਿਲਾਂ ਵਿਆਹੀ ਗਈ ਹੈ।
ਭਰਾ ਵੀ ਭਰਤੀ ਦੀ ਤਿਆਰੀ ਕਰਦਾ ਸੀ, ਪਰ ਕੁਝ ਸਾਲ ਪਹਿਲਾਂ (2015)ਦੋੜ ਲਗਾਉਂਦਿਆਂ ਹੀ ਉਸ ਨੂੰ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਪਿਤਾ ਨੇ ਇਸੇ ਦੁੱਖੋਂ ਮੰਜਾ ਫੜ ਲਿਆ ਅਤੇ ਹੌਲੀ-ਹੌਲੀ ਮੌਤ ਦੇ ਵੱਲ ਵਧਦੇ ਗਏ ਅਤੇ ਅਖੀਰ ਇਕ ਦਿਨ ਉਹ ਵੀ ਚੱਲ ਵਸੇ। ਮਾਂ ਨੇ ਫਿਰ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰ ਕਰ ਕੇ ਭੈਣਾਂ ਨੂੰ ਪੜ੍ਹਾਇਆ। ਉਸ ਨੇ ਪਹਿਲਾਂ ਬੀ ਐਸ ਸੀ ਕੀਤੀ ਤੇ ਹੁਣ Msc ਕੰਪਿਊਟਰ ਸਾਇੰਸ ਕੀਤੀ। ਪਟਵਾਰੀ ਅਤੇ ਹੋਰ ਕਈ ਟੈਸਟ ਦੇਣ ਦੇ ਬਾਵਜੂਦ ਗੱਲ ਨਹੀਂ ਬਣੀ, ਕਿਉਂਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ।ਨੌਕਰੀ ਲਈ ਵੀ ਜਗ੍ਹਾ-ਜਗ੍ਹਾ ਧੱਕੇ ਖਾਧੇ ਅਤੇ ਹੁਣ ਉਹ ਥੱਕ-ਹਾਰ ਕੇ ਆਪਣੀ ਮਾਂ ਨਾਲ ਹੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਅਤੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਮਜਬੂਰ ਹੋ ਗਈ ਹੈ।
ਉਥੇ ਹੀ ਪਿੰਡ ਵਾਸੀ ਜੈਮਲ ਸਿੰਘ ਦੱਸਦੇ ਹਨ ਕਿ ਇਸ ਪਰਿਵਾਰ ਦੀ ਬਦਕਿਸਮਤੀ ਹੈ ਕਿ ਪਹਿਲਾਂ ਪਰਿਵਾਰ ਦਾ ਲੜਕਾ ਅਚਾਨਕ ਰੱਬ ਨੂੰ ਪਿਆਰਾ ਹੋ ਗਿਆ ਤੇ ਫਿਰ ਪਿਓ ਦੀ ਮੌਤ ਹੋ ਗਈ ਪਰ ਇਸ ਗੁਰਸਿੱਖ ਮਾਂ ਧੀ ਨੇ ਬਹੁਤ ਮਿਹਨਤ ਕੀਤੀ ਹੈ। ਪਰਮਜੀਤ ਕੌਰ ਨੇ ਲੋਕਾਂ ਦੇ ਘਰ ਕੰਮ ਕਰ-ਕਰ ਕੇ ਅਤੇ ਗੋਹਾ ਚੁੱਕ ਚੁੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਪਰ ਪੜ੍ਹਨ ਦੇ ਬਾਵਜੂਦ ਵੀ ਲੜਕੀ ਖੇਤਾਂ ਵਿੱਚ ਝੋਨਾ ਲਗਾਉਣ ਅਤੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਮਜ਼ਬੂਰ ਹੈ। ਸਰਕਾਰ ਮਾੜੇ ਪਰਿਵਾਰਾਂ ਦਾ ਜੀਵਨ ਸਤਰ ਉੱਚਾ ਚੁੱਕਣ ਦੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਅਜਿਹੇ ਪਰਿਵਾਰਾਂ ਤੇ ਉਸਦੀ ਨਜ਼ਰ ਨਹੀਂ ਪੈਂਦੀ, ਜਦ ਕਿ ਇਹ ਲੜਕੀ ਪੜ੍ਹ-ਲਿਖ ਕੇ ਨੌਕਰੀ ਕਰਨ ਦੀ ਹੱਕਦਾਰ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਪਹਿਲ ਦੇ ਅਧਾਰ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਉਥੇ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਣ।