ਅਸ਼ੋਕ ਵਰਮਾ
ਬਠਿੰਡਾ,26 ਫਰਵਰੀ2021:ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ’ਚ ਅੱਜ ਸਾਂਝੇ ਤੌਰ ਤੇ 16 ਬੱਚਿਆਂ ਦਾ ਜਨਮ ਦਿਨ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਲਈ ਵਿਸ਼ੇਸ਼ ਪਾਰਟੀ ਰੱਖੀ ਗਈ ਸੀ। ਕਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲ ਸਟਾਫ਼ ਨੇ ਇਸ ਮੌਕੇ ਪਾਰਟੀ ਨੂੰ ਮਨੋਰੰਜਕ ਬਣਾਉਣ ਲਈ ਸਕੂਲ ਦੀ ਸਜਾਵਟ ਵੀ ਕੀਤੀ ਸੀ।ਇਸ ਮੌਕੇ ਸਕੂਲ ਅਧਿਆਪਕਾਂ ਨੇ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਏ ਜਿੰਨ੍ਹਾਂ ਨੇ ਜਨਮ ਦਿਨ ਪਾਰਟੀ ਦੇ ਮਹੌਲ ਨੂੰ ਹੋਰ ਖ਼ਾਸ ਬਣਾ ਦਿੱਤਾ। ਇਸ ਮੌਕੇ ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਵਿੱਚੋਂ ਜਨਮ ਫਰਵਰੀ ਮਹੀਨੇ ਵਿੱਚ ਜਨਮੇ ਬੱਚਿਆ ਦਾ ਜਨਮ ਦਿਨ ਮਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਕਾਇਦਾ ਬੱਚਿਆਂ ਨੇ ਕੇਕ ਕੱਟਿਆ ਅਤੇ ਕਲਾਸ ਇੰਚਾਰਜ ਨੇ ਬੱਚਿਆਂ ਨੂੰ ਜਨਮ ਦਿਨ ਦੇ ਕਾਰਡ ਦੇ ਕੇ ਵਧਾਈ ਵੀ ਦਿੱਤੀ ।
ਅਧਿਆਪਕਾਂ ਨੇ ਦੱਸਿਆ ਕਿ ਸਕੂਲ ਵਿੱਚ ਇਹ ਅਜਿਹੀ ਦੂਸਰੀ ਪਾਰਟੀ ਹੈ , ਜਿਸ ਵਿੱਚ ਬੱਚਿਆਂ ਦੇ ਜਨਮ ਦਿਨ ਨੂੰ ਵੱਡੇ ਪੱਧਰ ਤੇ ਖਾਸ ਤਿਉਹਾਰ ਵਾਂਗ ਮਨਾਇਆ ਗਿਆ ਹੋਵੇ। ਅਧਿਆਪਕ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਕਾਫੀ ਗਿਣਤੀ ਬੱਚੇ ਆਰਥਿਕ ਤੌਰ ਤੇ ਕਮਜੋਰ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ, ਜਿੰਨਾਂ ਦਾ ਕਿ ਕਦੇ ਜਨਮ ਦਿਨ ਮਨਾਉਣਾ ਦਾ ਦੂਰ ਮਾਂ ਬਾਪ ਨੂੰ ਕਈ ਵਾਰ ਬੱਚਿਆਂ ਦੀਆਂ ਜਨਮ ਤਰੀਕਾਂ ਤੱਕ ਵੀ ਯਾਦ ਨਹੀਂ ਹੁੰਦੀਆਂ।ਇਸ ਲਈ ਬੱਚਿਆਂ ਦੇ ਜਨਮ ਦਿਨ ਨੂੰ ਖਾਸ ਮਹੱਤਵ ਦਿੰਦਿਆਂ ਸਕੂਲ ਵਿੱਚ ਜਨਮ ਦਿਨ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਸੀ। ਜਿਕਰਯੋਗ ਹੈ ਕਿ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਨੇ ਇਸ ਤੋਂ ਪਹਿਲਾਂ ਵੀ ਜਨਵਰੀ 2020 ਵਿੱਚ ਇਹ ਨਵੀਂ ਪਿਰਤ ਪਾਈ ਸੀ ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਨੇ ਆਪਣੇ ਨਿੱਜੀ ਫੇਸਬੁੱਕ ਅਕਾਊਂਟ ਦੇ ਨਾਲ ਨਾਲ ਸਕੂਲ ਐਕਟੀਵਿਟੀ ਗਰੁੱਪ ਵਿੱਚ ਪੰਜਾਬ ਪੱਧਰ ਤੇ ਸ਼ੇਅਰ ਕਰਕੇ ਸਕੂਲ ਸਟਾਫ਼ ਨੂੰ ਇਸ ਨਵੀਂ ਪਹਿਲ ਲਈ ਵਧਾਈ ਦਿੱਤੀ ਸੀ।ਅੱਜ ਦੀ ਵਿਦਾਇਗੀ ਪਾਰਟੀ ਮੌਕੇ ਸਕੂਲ ਅਧਿਆਪਕ ਰਸਦੀਪ ਸਿੰਘ ਨੇ ਗਿਟਾਰ ਅਤੇ ਅਧਿਆਪਕ ਜਗਮੇਲ ਸਿੰਘ ਨੇ ਤਬਲਾ ਵਜਾਇਆ ਜਿਸ ਨੇ ਬੱਚਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਸਕੂਲ ਦੇ ਸਾਰੇ ਸਟਾਫ਼ ਨੇ ਬੱਚਿਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ । ਇਸ ਮੌਕੇ ਪਿੰਡ ਦੇ ਸਰਪੰਚ ਹਰਮੇਲ ਸਿੰਘ , ਨਰਸਰੀ ਵਲੰਟੀਅਰ ਸੁਰੱਸਤੀ ਦੇਵੀ ਤੇ ਸਿਕੰਦਰ ਸਿੰਘ, ਸੁਖਦੀਪ ਕੌਰ, ਰਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।