ਜਮਸ਼ੇਦਪੁਰ, 30 ਸਤੰਬਰ, 2017 : 'ਕੌਣ ਬਣੇਗਾ ਕਰੋੜਪਤੀ' ਸੀਜਨ-9 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਝਾਰਖੰਡ ਦੇ ਜਮਸ਼ੇਦਪੁਰ ਦੀ ਰਹਿਣ ਵਾਲੀ ਅਨਾਮਿਕਾ ਮਜੂਮਦਾਰ ਇਸ ਸੀਜਨ ਦੀ ਪਹਿਲੀ ਕਰੋੜਪਤੀ ਬਣੀ ਹੈ। ਰਿਪੋਰਟ ਅਨੁਸਾਰ 7 ਕਰੋੜ ਰੁਪਏ ਦੇ ਸਵਾਲ ਤੱਕ ਪੁੱਜ ਗਈ ਸੀ ਪਰ ਉਸ ਨੇ ਰਿਸਕ ਨਾ ਲੈਂਦੇ ਹੋਏ ਇਕ ਕਰੋੜ ਰੁਪਏ ਜਿੱਤ ਕੇ ਆਪਣਾ ਖੇਡ ਖਤਮ ਕਰਨਾ ਠੀਕ ਸਮਝਿਆ।
ਅਨਾਮਿਕਾ ਐਤਵਾਰ ਦੀ ਸ਼ਾਮ ਨੂੰ ਮੁੰਬਈ ਤੋਂ ਜਮਸ਼ੇਦਪੁਰ ਪੁੱਜੇਗੀ। ਪੇਸ਼ੇ ਤੋਂ ਸੋਸ਼ਲ ਵਰਕਰ ਅਨਾਮਿਕਾ 2 ਬੱਚਿਆਂ ਦੀ ਮਾਂ ਹੈ। ਉਹ 'ਫੇਥ ਇਨ ਇੰਡੀਆ' ਨਾਂ ਨਾਲ ਇਕ ਐੱਨ.ਜੀ.ਓ. ਚਲਾਉਂਦੀ ਹੈ। ਕੇ.ਬੀ.ਸੀ.9 'ਚ ਜਿੱਤੀ ਗਈ ਧਨਰਾਸ਼ੀ ਦਾ ਇਸਤੇਮਾਲ ਉਹ ਝਾਰਖੰਡ ਦੇ ਪੇਂਡੂ ਖੇਤਰਾਂ ਤੱਕ ਆਪਣੇ ਐੱਨ.ਜੀ.ਓ. ਦੀਆਂ ਸੇਵਾਵਾਂ ਪਹੁੰਚਾਉਣ ਲਈ ਕਰੇਗੀ। ਅਨਾਮਿਕਾ ਇਕ ਡਾਂਸਰ ਵੀ ਹੈ। ਇਸ ਲਈ ਉਸ ਦੇ ਘਰ ਕੋਲ ਸਲਮ (ਝੁੱਗੀ) 'ਚ ਰਹਿਣ ਵਾਲੇ ਕੁਝ ਬੱਚਿਆਂ ਨੂੰ ਉਹ ਆਪਣੇ ਘਰ 'ਚ ਡਾਂਸ ਵੀ ਸਿਖਾਉਂਦੀ ਸੀ। ਅਨਾਮਿਕਾ ਨੇ ਨੋਟਬੰਦੀ ਦੇ ਕੁਝ ਦਿਨਾਂ ਬਾਅਦ ਕੈਸ਼ਲੈੱਸ ਇੰਡੀਆ ਲਈ ਵੀ ਇਕ ਨਾਟਕ ਕੀਤਾ ਸੀ, ਜਿਸ 'ਚ ਬਤੌਰ ਮਹਿਮਾਨ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਸ਼ਾਮਲ ਹੋਏ ਸਨ।
ਅਨਾਮਿਕਾ ਨੇ ਸਕੂਲ ਦੇ ਬਾਹਰ ਇਡਲੀ ਵੇਚਣ ਵਾਲੀ ਇਕ ਔਰਤ ਨੂੰ ਵੀ ਕੈਸ਼ਲੈੱਸ ਤਰੀਕੇ ਨਾਲ ਕਮਾਈ ਕਰਨ ਦਾ ਉਪਾਅ ਦੱਸਿਆ ਸੀ। ਉਸ ਨੇ ਸਵਰਨਰੇਖਾ ਨਦੀ ਨੂੰ ਬਚਾਉਣ ਲਈ ਵੀ ਨਦੀ ਕਿਨਾਰੇ ਇਕ ਨਾਟਕ ਪੇਸ਼ ਕੀਤਾ ਸੀ, ਜਿਸ ਦੀ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ ਸੀ। ਮੀਡੀਆ ਰਿਪੋਰਟਸ ਅਨੁਸਾਰ ਬੀਤੇ ਵੀਰਵਾਰ ਨੂੰ ਗੋਰੇਗਾਓਂ ਫਿਲਮਸਿਟੀ 'ਚ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋਈ। ਇਸ ਐਪੀਸੋਡ 'ਚ ਅਨਾਮਿਕਾ 7 ਕਰੋੜ ਦੇ ਸਵਾਲ ਤੱਕ ਪੁੱਜ ਗਈ ਸੀ ਪਰ ਉਸ ਨੇ ਜ਼ਿਆਦਾ ਰਿਸਕ ਨਾ ਲੈਂਦੇ ਹੋਏ ਕਵਿਟ ਕਰਨਾ ਹੀ ਠੀਕ ਸਮਝਿਆ ਅਤੇ ਇਕ ਕਰੋੜ ਦੀ ਧਨਰਾਸ਼ੀ ਆਪਣਏ ਨਾਂ ਕੀਤੀ। ਕੇ.ਬੀ.ਸੀ. ਦਾ ਇਹ ਸੀਜਨ ਇਕ ਮਹੀਨਾ ਪੂਰਾ ਕਰ ਚੁਕਿਆ ਹੈ ਪਰ ਹੁਣ ਤੱਕ ਕੋਈ ਵੀ ਪ੍ਰਤਿਭਾਗੀ ਕਰੋੜਪਤੀ ਨਹੀਂ ਬਣ ਸਕਿਆ ਸੀ।