ਵਾਸ਼ਿੰਗਟਨ, 18 ਸਤੰਬਰ, 2017 : ਹਾਲ ਹੀ ਵਿਚ ਰੈਨਸਮਵੇਅਰ ਵਾਇਰਸ ਨੇ ਪੂਰੀ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਸੀ ਅਤੇ ਲੋਕਾਂ ਦੇ ਕੰਪਿਊਟਰ ਹੈਕ ਹੋ ਗਏ ਸਨ, ਜਿਸ ਨੂੰ ਅਨਲੌਕ ਕਰਨ ਲਈ ਕੰਪਿਊਟਰ ਸਕ੍ਰੀਨ 'ਤੇ ਹੈਕਰਾਂ ਵਲੋਂ ਬਿਟਕੋਇਨ ਦੀ ਮੰਗ ਕੀਤੀ ਜਾ ਰਹੀ ਸੀ। ਆਖਿਰ ਇਹ ਬਿਟਕੋਇਨ ਹੈ ਕੀ? ਇਸ ਬਾਰੇ ਕਈ ਲੋਕਾਂ ਨੂੰ ਨਹੀਂ ਪਤਾ ਹੋਣਾ।
ਬਿਟਕੋਇਨ ਇਕ ਵਰਚੁਅਲ ਕਰੰਸੀ ਹੈ, ਜਿਵੇਂ ਬਾਕੀ ਕਰੰਸੀਆਂ ਹੁੰਦੀਆਂ ਹਨ। ਰੁਪਏ, ਡਾਲਰ ਆਦਿ ਠੀਕ ਉਸੇ ਤਰ੍ਹਾਂ ਬਿਟਕੋਇਨ ਵੀ ਇਕ ਤਰ੍ਹਾਂ ਦੀ ਡਿਜੀਟਲ ਕਰੰਸੀ ਹੈ। ਇਹ ਬਾਕੀ ਕਰੰਸੀਆਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਬਿਟਕੋਇਨ ਨੂੰ ਨਾ ਹੀ ਅਸੀਂ ਦੇਖ ਸਕਦੇ ਹਾਂ ਅਤੇ ਨਾ ਹੀ ਉਸ ਨੂੰ ਪੈਸਿਆਂ ਵਾਂਗ ਟਚ ਕਰ ਸਕਦੇ ਹਾਂ। ਬਿਟਕੋਇਨ ਨੂੰ ਅਸੀਂ ਸਿਰਫ ਆਨਲਾਈਨ ਵਾਲਟ 'ਚ ਸਟੋਰ ਕਰਕੇ ਰੱਖ ਸਕਦੇ ਹਾਂ। ਬਿਟਕੋਇਨ ਦਾ ਆਵਿਸ਼ਕਾਰ ਸਤੋਸ਼ੀ ਨਾਕਾਮੋਟੋ ਨੇ 2009 'ਚ ਕੀਤਾ ਸੀ ਅਤੇ ਉਦੋਂ ਤੋਂ ਹੀ ਇਸ ਦੀ ਹਰਮਨਪਿਆਰਤਾ ਵਧਦੀ ਜਾ ਰਹੀ ਹੈ। ਬਿਟਕੋਇਨ ਇਕ ਡੀਸੈਂਟਰਲਾਈਜ਼ਡ ਕਰੰਸੀ ਹੈ। ਜਿਸ ਦਾ ਮਤਲਬ ਇਹ ਹੈ ਕਿ ਇਸ ਨੂੰ ਕੰਟਰੋਲ ਕਰਨ ਲਈ ਕੋਈ ਵੀ ਬੈਂਕ ਜਾਂ ਅਥਾਰਿਟੀ ਜਾਂ ਸਰਕਾਰ ਨਹੀਂ ਹੈ। ਯਾਨੀ ਕਿ ਕੋਈ ਵੀ ਇਸ ਦਾ ਮਾਲਕ ਨਹੀਂ ਹੈ। ਬਿਟਕੋਇਨ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ। ਜਿਵੇਂ ਅਸੀਂ ਸਾਰੇ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਅਤੇ ਇਸ ਦਾ ਵੀ ਕੋਈ ਮਾਲਕ ਨਹੀਂ ਹੁੰਦਾ, ਉਸੇ ਤਰ੍ਹਾਂ ਬਿਟਕੋਇਨ ਵੀ ਹੈ।
ਬਿਟਕੋਇਨ ਦੀ ਵਰਤੋਂ ਅਸੀਂ ਆਨਲਾਈਨ ਪੇਮੈਂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਟਰਾਂਜ਼ਕਸ਼ਨ ਕਰਨ ਲਈ ਕਰ ਸਕਦੇ ਹਾਂ। ਬਿਟਕੋਇਨ 'ਪੀਅਰ-ਟੂ-ਪੀਅਰ ਨੈਟਵਰਕ ਬੇਸਡ' ਉੱਤੇ ਕੰਮ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਲੋਕ ਇਕ ਦੂਜੇ ਨਾਲ ਸਿੱਧਾ ਹੀ ਬਿਨਾਂ ਕਿਸੇ ਬੈਂਕ, ਕ੍ਰੈਡਿਟ ਕਾਰਡ ਜਾਂ ਫਿਰ ਕਿਸੇ ਕਰੰਸੀ ਰਾਹੀਂ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹਨ। ਬਿਟਕੋਇਨ 'ਚ ਲੈਣ-ਦੇਣ ਕਰਨਾ ਸਭ ਤੋਂ ਤੇਜ਼ ਅਤੇ ਸੌਖਾ ਤਰੀਕਾ ਮੰਨਿਆ ਜਾਂਦਾ ਹੈ। ਅੱਜ ਕਲ ਬਹੁਤ ਸਾਰੇ ਲੋਕ ਬਿਟਕੋਇਨ ਨੂੰ ਅਪਣਾ ਰਹੇ ਹਨ, ਜਿਵੇਂ ਆਨਲਾਈਨ ਡਿਵੈਲਪਰਸ, ਇੰਟਰਪ੍ਰੀਨਿਯਰਸ, ਨਾਨ ਪ੍ਰਾਫਿਟ ਆਰਗੇਨਾਈਜ਼ੇਸ਼ਨ ਆਦਿ ਅਤੇ ਇਸ ਕਾਰਨ ਬਿਟਕੋਇਨ ਦੀ ਵਰਤੋਂ ਪੂਰੀ ਦੁਨੀਆ 'ਚ ਗਲੋਬਲ ਪੇਮੈਂਟ ਲਈ ਕੀਤੀ ਜਾ ਰਹੀ ਹੈ।
ਜਿਵੇਂ ਬਾਕੀ ਕਰੰਸੀ ਦੀ ਵਰਤੋਂ ਕਰਕੇ ਅਸੀਂ ਆਨਲਾਈਨ ਲੈਣ-ਦੇਣ ਕਰਦੇ ਹਾਂ ਤਾਂ ਬੈਂਕ ਦੀ ਪੇਮੈਂਟ ਪ੍ਰਕਿਰਿਆ ਦੀ ਪਾਲਣਾ ਕਰਨੀ ਹੁੰਦੀ ਹੈ ਤਾਂ ਫਿਰ ਜਾ ਕੇ ਪੇਮੈਂਟ ਹੁੰਦੀ ਹੈ। ਸਾਡੇ ਕੀਤੇ ਗਏ ਲੈਣ-ਦੇਣ ਦਾ ਹਿਸਾਬ ਸਾਡੇ ਬੈਂਕ ਅਕਾਉਂਟ 'ਚ ਰਹਿੰਦਾ ਹੈ, ਜਿਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਪੈਸੇ ਕਿੱਥੇ ਅਤੇ ਕਿੰਨੇ ਖਰਚ ਕੀਤੇ ਗਏ ਹਨ, ਪਰ ਬਿਟਕੋਇਨ ਦਾ ਤਾਂ ਕੋਈ ਵੀ ਮਾਲਕ ਨਹੀਂ ਹੈ। ਇਸ ਲਈ ਉਸ ਨਾਲ ਕੀਤਾ ਗਿਆ ਲੈਣ-ਦੇਣ ਇਕ ਪਬਲਿਕ ਖਾਤੇ 'ਚ ਰਿਕਾਰਡ ਹੋ ਕੇ ਰਹਿੰਦਾ ਹੈ, ਜਿਸ ਨੂੰ ਬਿਟਕੋਇਨ ਬਲਾਕਚੇਨ ਕਹਿੰਦੇ ਹਨ। ਉਥੇ ਬਿਟਕੋਇਨ ਦੇ ਨਾਲ ਕੀਤੇ ਗਏ ਸਾਰੇ ਲੈਣ-ਦੇਣ ਦੀ ਪੂਰੀ ਜਾਣਕਾਰੀ ਸਟੋਰ ਹੁੰਦੀ ਰਹਿੰਦੀ ਹੈ। ਉਥੇ ਹੀ ਬਲਾਕਚੇਨ ਇਸ ਦਾ ਸਬੂਤ ਹੁੰਦਾ ਹੈ ਕਿ ਲੈਣ-ਦੇਣ ਹੋਇਆ ਹੈ ਜਾਂ ਨਹੀਂ।
ਬਿਟਕੋਇਨ ਦੀ ਵੈਲਿਊ ਅੱਜ ਦੇ ਦਿਨ 'ਚ ਤਕਰੀਬਨ 999 ਡਾਲਰ ਹੈ ਯਾਨੀ ਇਕ ਬਿਟਕੋਇਨ ਦੀ ਵੈਲਿਊ 65000 ਹੈ। ਇਸ ਦੀ ਵੈਲਿਊ ਘੱਟ ਜਾਂ ਜ਼ਿਆਦਾ ਹੁੰਦੀ ਰਹਿੰਦੀ ਹੈ ਕਿਉਂਕਿ ਇਸ ਨੂੰ ਕੰਟਰੋਲ ਕਰਨ ਲਈ ਕੋਈ ਅਥਾਰਿਟੀ ਨਹੀਂ ਹੈ। ਇਸ ਲਈ ਇਸ ਦੀ ਵੈਲਿਊ ਇਸ ਦੀ ਡਿਮਾਂਡ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। ਭਾਰਤੀ ਰੁਪਏ 'ਚ 1 ਬਿਟਕੋਇਨ ਦੀ ਕੀਮਤ 232335.90 ਰੁਪਏ ਬਣਦੀ ਹੈ, ਜਦੋਂ ਕਿ ਡਾਲਰ 'ਚ 1 ਬਿਟਕੋਇਨ ਦੀ ਕੀਮਤ 3621.76 ਡਾਲਰ ਬਣਦੀ ਹੈ।