← ਪਿਛੇ ਪਰਤੋ
ਇਹ ਟੱਲ ਗੌਰਮਿੰਟ ਕਾਲਜ ਲੁਦੇਹਾਣਾ ਦੇ ਕੋਠੇ ਤੇ ਲੱਗਿਆ ਹੋਇਆ ਹੈ ਤੇ ਪੀਰਡ ਬਦਲਣ ਖਾਤਰ ਘੰਟੀ ਵਜਾਉਣ ਦੇ ਕੰਮ ਆਉਦਾ ਹੈ। ਖਾਲਸ ਪਿੱਤਲ ਦਾ ਇਹ ਟੱਲ 1927 ਦਾ ਲੱਗਿਆ ਹੋਇਆ ਹੈ। ਲੁਧਿਆਣਾ ਤੋਂ ਪੰਜਾਬੀ ਟ੍ਰਿਬਊਨ ਦੇ ਮੇਰੇ ਦੋਸਤ ਪੱਤਰਕਾਰ ਸਤਵਿੰਦਰ ਬਸਰੇ ਨੇ ਇਹਦੇ ਬਾਬਤ ਇਕ ਖਬਰ ਅੱਜ ਦੇ ਲੁਧਿਆਣਾ ਟ੍ਰਿਬਿਊਨ 'ਚ ਸ਼ਾਇਆ ਕੀਤੀ ਹੈ। ਉਹਨੇ ਇਸ ਟੱਲ ਮੁਤੱਲਿਕ ਖਾਸੀ ਜਾਣਕਾਰੀ ਲਿਖੀ ਹੈ। ਪਰ ਇਹਦੇ 'ਚ ਮੈਂ ਕੁਸ ਵਾਧਾ ਕਰਕੇ ਦੱਸਣਾ ਚਾਹੂੰਗਾ ਕਿ ਅੱਜ ਕੱਲ ਟੱਲ ਦੇ ਬਾਂਟੇ ਨੂੰ ਇਕ ਪਲਾਸਟਿਕ ਰੱਸੀ ਜਰੀਏ ਹਿਲਾ ਕੇ ਟੱਲੀ ਵਜਾਈ ਜਾਂਦੀ ਹੈ। ਜਾਨੀ ਕਿ ਟੱਲ ਨਹੀਂ ਹਲਾਇਆ ਜਾਂਦਾ ਜੋ ਕਿ ਜੁਗਾੜੂ ਤਰੀਕਾ ਹੈ। ਸਾਡੇ ਵੇਲੇ ਇਹ ਟੱਲ ਇਉ ਖੜਕਾਇਆ ਜਾਂਦਾ ਸੀ ਜਿਸੇ ਜੰਗਮ ਸਾਧ ਸੋਮਵਾਰ ਨੂੰ ਦਰ-ਦਰ ਜਾ ਕੇ ਟੱਲੀਆਂ ਨੂੰ ਬੋਦੀ ਤੋਂ ਫੜ ਕੇ ਖੜਕਾਉਦੇ ਨੇ। ਜਿਮੇ ਤੁਸੀਂ ਫੋਟੋ 'ਚ ਦੇਖ ਰਹੇ ਓ ਟੱਲ ਦੇ ਨਾਲ ਇਕ ਭੌਣੀ ਲੱਗੀ ਹੋਈ ਹੈ ਏਸ ਭੌਣੀ ਤੇ ਲੋੋਹੇ ਦੀ ਰੱਸੀ ਵਲੇਟੀ ਹੁੰਦੀ ਸੀ ਤੇ ਰੱਸੀ ਦਾ ਖਿੱਚਣ ਵਾਲ ਸਿਰਾ ਹੇਠਾਂ ਦਲਾਨ 'ਚ ਹੁੰਦਾ ਸੀ। ਜਦੋਂ ਪੀਅਨ ਰੱਸੀ ਨੂੰ ਖਿੱਚਦਾ ਸੀ ਤਾਂ ਭਾਉਣੀ ਇਕ ਚੌਥਾਈ ਗੇੜਾ ਖਾਂਦੀ ਸੀ ਜੀਹਦੇ ਨਾਲ ਟੱਲ 45 ਡਿਗਰੀ ਤੇ ਟੇਡਾ ਹੋ ਜਾਂਦਾ ਸੀ। ਇਸ ਤਰ੍ਹਾਂ ਟੱਲ ਵਿਚਲਾ ਬਾਂਟਾ ਟੱਲ 'ਚ ਵੱਜਦਾ ਸੀ ਤੇ ਘੰਟੀ ਦੀ ਵਾਜ ਆਉਦੀ ਸੀ। ਜਦੋਂ ਰੱਸੀ ਢਿੱਲੀ ਛੱਡੀ ਜਾਂਦੀ ਸੀ ਤਾਂ ਟੱਲ ਮੁੜ ਕੇ ਲਮਕਮੀ ਪੁਜੀਸ਼ਨ 'ਤੇ ਆ ਜਾਂਦਾ ਸੀ। ਜਿੰਨੀਆਂ ਟੱਲੀਆਂ ਵਜਾਉਣੀਆਂ ਹੁੰਦੀਆਂ ਸੀ ਓਨੇ ਵਾਰੀ ਰੱਸੀ ਖਿੱਚੀ ਜਾਂਦੀ ਸੀ। ਜਦੋਂ ਪਹਿਲਾ ਪੀਰਡ ਸ਼ੁਰੂ ਹੁੰਦਾ ਸੀ ਤਾਂ ਉਦੋਂ ਇਕ ਟੱਲੀ ਖੜਕਾਈ ਜਾਂਦੀ ਸੀ। ਦੂਜੇ ਵੇਲੇ ਦੋ ਤੇ ਤੀਜੇ ਵੇਲੇ ਤਿੰਨ ਇਸੇ ਤਰ੍ਹਾਂ ਜਿਹੜਾ ਪੀਰਡ ਸ਼ੁਰੂ ਹੁੰਦਾ ਸੀ ਓਨੀਆਂ ਟੱਲੀਆਂ ਖੜਕਦੀਆਂ ਸੀ। ਏਥੋਂ ਇਹ ਵੀ ਪਤਾ ਲੱਗ ਜਾਂਦਾ ਸੀ ਕਿ ਕੈਹਵਾਂ ਪੀਰਡ ਸ਼ੁਰੂ ਹੋਇਆ ਹੈ। ਅੱਜ ਕੱਲ੍ਹ ਇਹ ਲੋਹੇ ਦੀ ਰੱਸੀ ਤਾਂ ਪਤਾ ਨਹੀਂ ਕਿੱਧਰ ਚਲੀ ਗਈ। ਏਨੇ ਭਾਰੇ ਟੱਲ ਵਾਲੀ ਭੌਣੀ ਨੂੰ ਘਮਾਉਣਾ ਪਲਾਸਟਿਕ ਦੀਆਂ ਰੱਸੀਆਂ ਦੇ ਵੱਸ ਦਾ ਰੋਗ ਨਹੀਂ। ਜਿਸ ਕਰਕੇ ਸਿਰਫ਼ ਬਾਂਟਾ ਹੀ ਹਲਾ ਸਕਦੀ ਹੈ ਪਲਾਸਟਿਕ ਦੀ ਰੱਸੀ। ਇਥੇ ਇਹ ਵੀ ਦੱਸਦਿਆਂ ਕਿ ਟੱਲ ਖੜਕਾਉਣ ਤੋਂ ਬਾਅਦ ਟੱਲ ਨੂੰ 45 ਡਿਗਰੀ 'ਤੇ ਟੇਡਾ ਕਰਕੇ ਹੀ ਖੜਾਇਆ ਜਾਂਦਾ ਸੀ। ਇਹ ਕੰਮ ਕਰਨ ਖਾਤਰ ਰੱਸੀ ਨੂੰ ਖਿੱਚ ਕੇ ਇਕ ਕੁੰਡੇ 'ਚ ਫਸਾਉਦੇ ਸੀ। ਜਦੋਂ ਰੱਸੀ ਕੁੰਡੇ 'ਚੋਂ ਕੱਢ ਕੇ ਢਿੱਲੀ ਛੱਡੀ ਜਾਂਦੀ ਤਾਂ ਟੱਲ ਆਪੇ ਹੀ ਖੜਕ ਜਾਂਦਾ ਸੀ। ਜਦੋਂ ਇਕ ਵਾਰੀ ਟੱਲ ਹਿੱਲ ਜਾਂਦਾ ਸੀ ਤਾਂ ਦੂਜੀ ਤੀਜੀ ਵਾਰੀ ਵਜਾਉਣਾ ਸੁਖਾਲਾ ਰਹਿਦਾ ਸੀ। ਕਈ ਵਾਰ ਮੁੰਡੇ ਇਲਤ ਕਰਕੇ ਰੱਸੀ ਨੂੰ ਕੁੰਡੇ 'ਚੋਂ ਕੱਢ ਦਿੰਦੇ ਸੀ ਜੀਹਦੇ ਕਰਕੇ ਟੇਡਾ ਹੋਇਆ ਟੱਲ ਆਪਦੇ ਭਾਰ ਨਾਲ ਲਮਕ ਜਾਂਦਾ ਸੀ ਤੇ ਭੌਣੀ ਘੁੰਮਣ ਨਾਲ ਰੱਸੀ ਤਾਂਹ ਚੜ੍ਹ ਜਾਂਦੀ ਸੀ, ਮੁੜ ਕੇ ਏਹਨੂੰ ਕੁੰਡੇ 'ਚ ਪਾਉਣ ਖਾਤਰ ਖਿੱਚਣ ਲਈ ਪੌੜੀ ਲਿਆਉਣੀ ਪੈਂਦੀ ਸੀ। ਕਾਲਜ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਟੱਲ ਨੂੰ ਮੁੜ ਅਸਲੀ ਹਾਲਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ।
ਗੁਰਪ੍ਰੀਤ ਸਿੰਘ ਮੰਡਿਆਣੀ 88726-64000
Total Responses : 108