ਨਵੀਂ ਦਿੱਲੀ, 8 ਸਤੰਬਰ, 2017 : ਆਉਣ ਵਾਲੇ ਸਾਲਾਂ 'ਚ ਭਾਰਤ 'ਚ ਸਿਰਫ ਇਲੈਕਟ੍ਰਿਕ ਵਾਹਨ ਹੀ ਵਿਕਣਗੇ। ਸਰਕਾਰ ਦੀ ਯੋਜਨਾ 2030 ਤਕ ਦੇਸ਼ ਭਰ 'ਚ ਇਲੈਕਟ੍ਰਾਨਿਕ ਵਾਹਨ ਚਲਾਉਣ ਦੀ ਹੈ। ਇਸ ਨੂੰ ਲੈ ਕੇ ਪੂਰੀ ਆਟੋਮੋਬਾਇਲ ਇੰਡਸਟਰੀ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ 'ਚ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਵੀ ਇਸ ਤੋਂ ਪਿੱਛੇ ਨਹੀਂ ਹੈ। ਮਾਰੂਤੀ ਸੁਜ਼ੂਕੀ ਕੰਪਨੀ ਦਾ ਕਹਿਣਾ ਹੈ ਕਿ ਉਹ ਭਾਰਤ 'ਚ ਇਲੈਕਟ੍ਰਿਕ ਵਾਹਨ ਪੇਸ਼ ਕਰਨ ਲਈ ਤਿਆਰ ਹੈ। ਸਰਕਾਰ ਦਾ ਮਕਸਦ ਪੈਟਰੋਲ-ਡੀਜ਼ਲ 'ਤੇ ਖਰਚ ਨੂੰ ਘੱਟ ਕਰਨਾ ਅਤੇ ਪ੍ਰਦੂਸ਼ਣ 'ਤੇ ਰੋਕ ਲਾਉਣਾ ਹੈ। ਪੈਟਰੋਲੀਅਮ 'ਤੇ ਹਰ ਸਾਲ ਭਾਰਤ ਦੇ ਕਰੋੜਾਂ ਡਾਲਰ ਖਰਚ ਹੁੰਦੇ ਹਨ। ਹਾਲਾਂਕਿ ਪੈਟਰੋਲ-ਡੀਜ਼ਲ 'ਤੇ ਚੱਲ ਰਹੇ ਵਾਹਨਾਂ 'ਤੇ ਕੋਈ ਰੋਕ ਨਹੀਂ ਹੋਵੇਗੀ ਪਰ 2030 ਤੋਂ ਦੇਸ਼ ਭਰ 'ਚ ਕੰਪਨੀਆਂ ਸਿਰਫ ਇਲੈਕਟ੍ਰਾਨਿਕ ਵਾਹਨ ਹੀ ਵੇਚਣਗੀਆਂ ਜਾਂ ਫਿਰ ਪੈਟਰੋਲ-ਡੀਜ਼ਲ ਦਾ ਕੋਈ ਹੋਰ ਬਦਲਵਾਂ ਸਰੋਤ ਹੋਵੇਗਾ।
ਭਾਰਤ ਇਲੈਕਟ੍ਰਿਕ ਕਾਰਾਂ ਦਾ ਹੋਵੇਗਾ 'ਬਾਜ਼ਾਰ'
ਉੱਥੇ ਹੀ, ਕੁਝ ਕਾਰ ਕੰਪਨੀਆਂ ਨੇ ਭਾਰਤ 'ਚ ਇਲੈਕਟ੍ਰਿਕ ਵਾਹਨ ਤਿਆਰ ਕਰਨ ਦੀ ਯੋਜਨਾ ਬਣਾ ਲਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀ ਕੰਪਨੀ ਐਸਕਾਰਟ ਲਿਮਟਿਡ ਨੇ ਵੀ ਭਾਰਤ 'ਚ ਇਲੈਕਟ੍ਰਿਕ ਅਤੇ ਹਾਈਡਰੋਸਟੈਟਿਕ ਟਰੈਕਟਰ ਤਿਆਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਮਾਰੂਤੀ ਸੁਜ਼ੂਕੀ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ 'ਚ ਇਲੈਕਟ੍ਰਿਕ ਵਾਹਨ ਪੇਸ਼ ਕਰਨ ਲਈ ਉਹ ਤਿਆਰ ਹਨ। ਇਸ ਲਈ ਆਰ. ਐਂਡ. ਡੀ. ਲੇਵਲ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਫਿਲਹਾਲ ਸਾਡੇ ਕੋਲ ਬਹੁਤ ਸਮਾਂ ਹੈ, ਅਸੀਂ ਨਵੀਂ ਤਕਨੀਕ 'ਤੇ ਕੰਮ ਕਰ ਰਹੇ ਹਾਂ। ਹਾਲਾਂਕਿ ਉਹ ਭਾਰਤ 'ਚ ਕਦੋਂ ਇਲੈਕਟ੍ਰਿਕ ਕਾਰ ਪੇਸ਼ ਕਰਨਗੇ ਇਸ ਬਾਰੇ ਉਨ੍ਹਾਂ ਕਿਹਾ ਕਿ ਅਜੇ ਕੁਝ ਕਿਹਾ ਨਹੀਂ ਜਾ ਸਕਦਾ।
ਇਲੈਕਟ੍ਰਿਕ ਵਾਹਨਾਂ 'ਤੇ ਸਰਕਾਰ ਬਣਾਏਗੀ ਨੀਤੀ
ਆਟੋ ਇੰਡਸਟਰੀ ਨੇ ਫਿਲਹਾਲ ਇਹ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਭਾਰਤ 'ਚ ਅਜੇ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚੇ ਦੀ ਕਮੀ ਹੈ। ਦੇਸ਼ 'ਚ ਵੱਡੀ ਗਿਣਤੀ 'ਚ ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੈ। ਅਜਿਹੇ 'ਚ ਭਾਰਤ ਸਾਹਮਣੇ ਬਹੁਤ ਚੁਣੌਤੀਆਂ ਹਨ। ਉੱਥੇ ਹੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੈਬਨਿਟ ਨੋਟ ਤਿਆਰ ਕਰਨ ਦੀ ਪ੍ਰਕਿਰਿਆ 'ਚ ਹਾਂ, ਜਿੱਥੇ ਅਸੀਂ ਚਾਰਜਿੰਗ ਸਟੇਸ਼ਨਾਂ ਦੀ ਯੋਜਨਾ ਬਣਾਵਾਂਗੇ। ਇਹ ਆਖਰੀ ਪੜਾਅ 'ਚ ਹੈ ਅਤੇ ਇਸ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦ ਹੀ ਇਲੈਕਟ੍ਰਿਕ ਵਾਹਨਾਂ 'ਤੇ ਨੀਤੀ ਲਿਆਵੇਗੀ। ਗਡਕਰੀ ਨੇ ਕਿਹਾ ਕਿ ਭਵਿੱਖ ਪੈਟਰੋਲ ਅਤੇ ਡੀਜ਼ਲ ਦਾ ਨਹੀਂ ਹੈ ਸਗੋਂ ਬਦਲਵੇਂ ਬਾਲਣ ਦਾ ਹੈ।