ਇਹ ਸੱਚ ਹੈ ਕਿ ਇਕ ਕਿਲੋ ਖੰਡ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ 2000 ਲੀਟਰ ਪਾਣੀ ਖਰਚ ਕਰਨਾ ਪੈਂਦਾ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਮਹਾਨਿਰਦੇਸ਼ਕ ਤਿਰਲੋਚਨ ਮਹਾਪਾਤਰਾ ਅਨੁਸਾਰ ਗੰਨੇ ਦੀ ਭਰਪੂਰ ਪੈਦਾਵਾਰ ਲੈਣ ਲਈ ਪਾਣੀ ਦੀ ਢੁਕਵੀਂ ਲੋੜ ਹੁੰਦੀ ਹੈ ਅਤੇ ਜਿੰਨੇ ਗੰਨੇ ਤੋਂ ਇਕ ਕਿਲੋ ਖੰਡ ਬਣਦੀ ਹੈ, ਨੂੰ ਤਿਆਰ ਕਰਨ ਲਈ ਕਿਸਾਨਾਂ ਨੂੰ 2000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਵਿਗਿਆਨੀ 2020-30 ਤਕ ਖੰਡ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਿਸਾਨਾਂ ਦੀ ਆਮਦਨ ਵਧਾਉਣ ਜਲਵਾਯੂ ਪਰਿਵਰਤਨ, ਵਧਦੇ ਤਾਪਮਾਨ, ਗੰਨੇ ਨੂੰ ਲੱਗਣ ਵਾਲੀਆਂ ਬੀਮਾਰੀਆਂ,ਉਸ 'ਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਪਾਣੀ ਦੀਆਂ ਲੋੜਾਂ ਨੂੰ ਘਟਾਉਣ ਸਬੰਧੀ ਕਈ ਖੋਜ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ।
ਡਾ. ਮਹਾਪਾਤਰਾ ਨੇ ਕਿਹਾ ਕਿ ਦੇਸ਼ ਖੰਡ ਦੇ ਉਤਪਾਦਨ 'ਚ ਆਤਮ ਨਿਰਭਰ ਹੋ ਗਿਆ ਅਤੇ ਮੌਜੂਦਾ ਸਮੇਂ 2 ਕਰੋੜ 60 ਲੱਖ ਟਨ ਖੰਡ ਦਾ ਉਤਪਾਦਨ ਹੋ ਰਿਹਾ ਹੈ। 2023 ਤਕ ਦੇਸ਼ 'ਚ 3 ਕਰੋੜ 60 ਲੱਖ ਟਨ ਖੰਡ ਦੀ ਲੋੜ ਹੈ, ਜਿਸ ਦੇ ਮੱਦੇਨਜ਼ਰ ਗੰਨੇ ਦੀ ਪੈਦਾਵਾਰ ਵਧਾਉਣ ਲਈ ਇਸ ਦੀਆਂ ਨਵੀਆਂ ਕਿਸਮਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ।