ਲੰਦਨ, 12 ਅਗਸਤ, 2017 : ਬ੍ਰਿਟੇਨ 'ਚ ਮੈਨਚੇਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਖਾਸ ਗੱਲ ਦਾ ਪਤਾ ਲਾਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਘੱਟ ਤਨਖਾਹ 'ਤੇ ਜਾਂ ਵਧ ਤਣਾਅਪੂਰਨ ਮਾਹੌਲ ਵਿਚ ਨੌਕਰੀ ਕਰ ਰਹੇ ਲੋਕਾਂ ਦੀ ਬੇਰੋਜ਼ਗਾਰ ਲੋਕਾਂ ਦੇ ਮੁਕਾਬਲੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝਣ ਦੀ ਵਧ ਸੰਭਾਵਨਾ ਹੁੰਦੀ ਹੈ। ਸ਼ੋਧਕਰਤਾਵਾਂ ਨੇ ਸਾਲ 2009 ਤੋਂ 2010 ਦੌਰਾਨ ਬੇਰੋਜ਼ਗਾਰ 35 ਤੋਂ 75 ਸਾਲ ਦੀ ਉਮਰ ਦੇ 1,000 ਲੋਕਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਸਿਹਤ 'ਤੇ ਲੰਬੇ ਸਮੇਂ ਦੇ ਤਣਾਅ ਦੇ ਪੱਧਰ 'ਤੇ ਨਜ਼ਰ ਰੱਖੀ।
ਉਨ੍ਹਾਂ ਨੇ ਕਿਹਾ ਕਿ ਬੇਰੋਜ਼ਗਾਰ ਲੋਕਾਂ ਦੇ ਮੁਕਾਬਲੇ ਚੰਗੀ ਗੁਣਵੱਤਾ ਦੀ ਨੌਕਰੀ ਕਰਨ ਵਾਲੇ ਲੋਕਾਂ ਦੇ ਮਾਨਸਿਕ ਸਿਹਤ ਵਿਚ ਸੁਧਾਰ ਹੋਇਆ ਪਰ ਘੱਟ ਗੁਣਵੱਤਾ, ਘੱਟ ਤਨਖਾਹ ਦੀ ਨੌਕਰੀ ਕਰਨ ਵਾਲਿਆਂ ਅਤੇ ਬੇਰੋਜ਼ਗਾਰ ਲੋਕਾਂ ਦੀ ਮਾਨਸਿਕ ਸਿਹਤ ਵਿਚ ਕੋਈ ਫਰਕ ਨਹੀਂ ਸੀ। ਮੈਨਚੇਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਤਰਾਨੀ ਚੰਦੋਲਾ ਸਮੇਤ ਸ਼ੋਧਕਰਤਾਵਾਂ ਦੇ ਦਲ ਨੇ ਦੇਖਿਆ ਕਿ ਖਰਾਬ ਗੁਣਵੱਤਾ ਦੀ ਨੌਕਰੀ ਕਰਨ ਵਾਲੇ ਲੋਕਾਂ ਵਿਚ ਲੰਬੇ ਸਮੇਂ ਦਾ ਤਣਾਅ ਦੇਖਿਆ ਗਿਆ, ਜਦਕਿ ਜੋ ਲੋਕ ਬੇਰੋਜ਼ਗਾਰ ਰਹੇ, ਉਨ੍ਹਾਂ ਵਿਚ ਤਣਾਅ ਘੱਟ ਦੇਖਿਆ ਗਿਆ।