ਲਾਸ ਏਂਜਲਸ, 3 ਅਗਸਤ, 2017 : ਭਾਰਤ 'ਚ ਅਨਾਜ ਦਾ ਉਤਪਾਦਨ ਪਿਛਲੇ 6 ਦਹਾਕਿਆਂ 'ਚ 5 ਗੁਣਾ ਜ਼ਿਆਦਾ ਹੋ ਗਿਆ ਹੈ ਪਰ 1950 ਦੀ ਤੁਲਨਾ ਵਿਚ ਅੱਜ ਕਿਸਾਨਾਂ ਦੀ ਹਾਲਤ ਬੜੀ ਭੈੜੀ ਹੋ ਚੁੱਕੀ ਹੈ ਅਤੇ ਉਹ ਖੁਦਕੁਸ਼ੀਆਂ ਵੱਲ ਵਧ ਰਹੇ ਹਨ। ਭਾਰਤ 'ਚ ਪਿਛਲੇ 30 ਸਾਲਾਂ 'ਚ 59,000 ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਜਲਵਾਯੂ ਪਰਿਵਰਤਨ ਕਾਰਨ ਰਿਹਾ ਹੈ। ਇਹ ਖੁਲਾਸਾ ਇਕ ਅਧਿਐਨ 'ਚ ਕੀਤਾ ਗਿਆ ਹੈ। ਇਸ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਜਲਵਾਯੂ ਪਰਿਵਰਤਨ ਨਾਲ ਵਿਸ਼ਵ ਪੱਧਰੀ ਤਾਪਮਾਨ 'ਚ ਭਾਰੀ ਵਾਧਾ ਹੋਣ ਦੀ ਸੰੰਭਾਵਨਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਖੋਜੀਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਨਾਲ ਉਹ ਲਗਾਤਾਰ ਗਰੀਬੀ ਵੱਲ ਵਧ ਰਹੇ ਹਨ।
ਅਮਰੀਕੀ ਖੋਜੀਆਂ ਨੇ ਦਾਅਵਾ ਕੀਤਾ ਕਿ ਸਿਰਫ 1 ਡਿਗਰੀ ਤਾਪਮਾਨ ਵਧਣ ਨਾਲ ਦੇਸ਼ ਭਰ ਵਿਚ 65 ਕਿਸਾਨ ਖੁਦਕੁਸ਼ੀ ਕਰ ਲੈਂਦੇ ਹਨ ਜਦਕਿ ਉਸ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ ਹੈ। ਇਹ ਅਧਿਐਨ ਜਿਥੇ ਭਾਰਤ ਦੇ ਵਿਕਾਸ ਨੂੰ ਸਮਝਣ 'ਚ ਮਦਦ ਕਰਦਾ ਹੈ, ਉਥੇ ਇਸ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਇਕ ਮਹਾਮਾਰੀ ਦੇ ਰੂਪ 'ਚ ਦਰਸਾਇਆ ਗਿਆ ਹੈ। ਖੋਜੀਆਂ ਨੇ ਖੁਲਾਸਾ ਕੀਤਾ ਹੈ ਕਿ ਸਾਲ 1980 ਦੇ ਮੁਕਾਬਲੇ ਹੁਣ ਖੁਦਕੁਸ਼ੀਆਂ ਦੀਆਂ ਘਟਨਾਵਾਂ ਦੁੱਗਣੀਆਂ ਹੋ ਗਈਆਂ ਹਨ। ਦੁਨੀਆ ਭਰ 'ਚ ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ 'ਚ 75 ਫੀਸਦੀ ਤੋਂ ਵੱਧ ਖੁਦਕੁਸ਼ੀਆਂ ਭਾਰਤ 'ਚ ਹੁੰਦੀਆਂ ਹਨ।
ਖਲਨਾਇਕ ਬਣਿਆ ਮਾਨਸੂਨ
ਔਸਤਨ ਪ੍ਰਤੀ ਹੈਕਟੇਅਰ ਘੱਟ ਪੈਦਾਵਾਰ ਹੋਣ ਦਾ ਸੰਬੰਧ ਜ਼ਮੀਨ ਦੀ ਉਪਜਾਊ ਸ਼ਕਤੀ ਨਾਲੋਂ ਜ਼ਿਆਦਾ ਖਰਾਬ ਮਾਨਸੂਨ ਖੇਤੀਬਾੜੀ ਦੇ ਖੇਤਰ 'ਚ ਖਲਨਾਇਕ ਦਾ ਰੋਲ ਅਦਾ ਕਰ ਰਿਹਾ ਹੈ। ਉਪਰੋਂ ਭਾਰਤ ਦੇ ਛੋਟੇ ਕਿਸਾਨਾਂ ਦੀਆਂ ਛੋਟੀਆਂ ਵਹਾਈਆਂ ਇਸ ਸਥਿਤੀ ਨੂੰ ਹੋਰ ਖਲਨਾਇਕ ਬਣਾ ਦਿੰਦੀਆਂ ਹਨ। 1970-71 'ਚ ਭਾਰਤ 'ਚ ਔਸਤ ਵਹਾਈ (ਜੋਤ) ਦਾ ਆਕਾਰ 2.28 ਹੈਕਟੇਅਰ ਸੀ। ਵਧਦੀ ਆਬਾਦੀ ਕਾਰਨ 2010-11 'ਚ ਇਹ ਅੰਕੜਾ ਘਟ ਕੇ 1.15 ਹੈਕਟੇਅਰ 'ਤੇ ਆ ਗਿਆ। ਭਾਰਤ 'ਚ 85 ਫੀਸਦੀ ਕਿਸਾਨ ਛੋਟੇ ਤੇ ਦਰਮਿਆਨੇ ਕਿਸਾਨ ਹਨ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਕੋਲ ਇਕ ਹੈਕਟੇਅਰ ਤੋਂ ਘੱਟ ਜ਼ਮੀਨ ਹੈ।
ਘੱਟ ਹੈ ਪ੍ਰਤੀ ਹੈਕਟੇਅਰ ਪੈਦਾਵਾਰ
ਐਗਰੀਕਲਚਰ ਸਟੈਟਿਸਟਿਕਸ ਐਟ ਏ ਗਲਾਂਸ 2016 ਦੀ ਰਿਪੋਰਟ ਮੁਤਾਬਕ 1950-51 'ਚ ਅਨਾਜ ਦਾ ਉਤਪਾਦਨ 50.82 ਮਿਲੀਅਨ ਟਨ ਸੀ ਜੋ 2015-16 'ਚ ਵਧ ਕੇ 252.22 ਮਿਲੀਅਨ ਟਨ ਹੋ ਗਿਆ। ਨਾਲ ਹੀ ਪ੍ਰਤੀ ਹੈਕਟੇਅਰ ਪੈਦਾਵਾਰ ਵੀ 522 ਕਿਲੋਗ੍ਰਾਮ ਤੋਂ ਵਧ ਕੇ 2056 ਕਿ. ਗ੍ਰਾ. ਹੋ ਗਈ, ਪਰ ਇਹ ਵਿਕਸਤ ਦੇਸ਼ਾਂ ਦੀ ਤੁਲਨਾ 'ਚ ਕਾਫੀ ਘੱਟ ਪੈਦਾਵਾਰ ਹੈ। ਚੀਨ 'ਚ ਅਨਾਜ ਦੀ ਪੈਦਾਵਾਰ 5888 ਕਿ. ਗ੍ਰਾ. ਪ੍ਰਤੀ ਹੈਕਟੇਅਰ ਹੈ।
ਓਧਰ ਦਾਲਾਂ ਦੇ ਮਾਮਲੇ ਵਿਚ ਦੇਖੀਏ ਤਾਂ ਭਾਰਤ 'ਚ ਇਨ੍ਹਾਂ ਦੀ ਪੈਦਾਵਾਰ 659 ਕਿ. ਗ੍ਰਾ. ਪ੍ਰਤੀ ਹੈਕਟੇਅਰ ਹੈ। ਇਹ ਵੀ ਬ੍ਰਿਕਸ ਦੇਸ਼ਾਂ 'ਚ ਸਭ ਤੋਂ ਘੱਟ ਹੈ।