ਨਵੀਂ ਦਿੱਲੀ, 15 ਜੂਨ, 2017 : ਦੁਨੀਆ 'ਚ ਅਜਿਹੇ ਕਈ ਦੇਸ਼ ਹਨ, ਜਿੱਥੇ ਦੇ ਜੀਵਨ ਪੱਧਰ 'ਚ ਬਹੁਤ ਜ਼ਿਆਦਾ ਫਰਕ ਹੈ। ਇੰਨਾ ਹੀ ਨਹੀਂ ਤਨਖਾਹ ਦੇ ਮਾਮਲੇ 'ਚ ਵੀ ਇੱਥੇ ਬੜਾ ਫਰਕ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ।
ਲਕਸਮਬਰਗ— ਇਹ ਇਕ ਬਹੁਤ ਛੋਟਾ ਦੇਸ਼ ਹੈ। ਇਹ ਆਬਾਦੀ ਅਤੇ ਆਕਾਰ ਦੇ ਮਾਮਲੇ 'ਚ ਵੀ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਛੋਟਾ ਹੈ। ਇੱਥੇ ਦੀ ਅਰਥ ਵਿਵਸਥਾ ਬੈਂਕਿੰਗ ਅਤੇ ਨਿਵੇਸ਼ 'ਤੇ ਜ਼ਿਆਦਾ ਨਿਰਭਰ ਹੁੰਦੀ ਹੈ। ਕਈ ਆਨਲਾਈਨ ਕੰਪਨੀਆਂ ਲਕਸਮਬਰਗ ਤੋਂ ਹੀ ਦੁਨੀਆ ਦੇ ਕਈ ਦੇਸ਼ਾਂ 'ਚ ਰਾਜ ਕਰ ਰਹੀਆਂ ਹਨ, ਜਿਵੇਂ ਕਿ ਐਮਾਜ਼ੋਨ ਅਤੇ ਸਕਾਈਪ। ਕਿਸੇ ਸਮੇਂ ਲਕਸਮਬਰਗ ਸਟੀਲ ਬਣਾਉਣ 'ਚ ਵੀ ਸਭ ਤੋਂ ਅੱਗੇ ਹੁੰਦਾ ਸੀ। ਇੱਥੇ ਔਸਤ ਤਨਖਾਹ ਦੁਨੀਆ 'ਚ ਸਭ ਤੋਂ ਜ਼ਿਆਦਾ 61511 ਡਾਲਰ ਹੈ।
ਸਵਿਟਜ਼ਰਲੈਂਡ— ਜਦੋਂ ਵੀ ਸਵਿਟਜ਼ਰਲੈਂਡ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸਿਰਫ ਉੱਥੇ ਦੀ ਖੂਬਸੂਰਤੀ ਅਤੇ ਰਹਿਣ-ਸਹਿਣ ਬਾਰੇ ਗੱਲ ਕਰਦੇ ਹੋ ਪਰ ਇਸ ਦੇ ਇਲਾਵਾ ਵੀ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਲਈ ਇਹ ਦੇਸ਼ ਜਾਣਿਆ ਜਾਂਦਾ ਹੈ। ਸਵਿਟਜ਼ਰਲੈਂਡ ਘੜੀਆਂ ਦੇ ਨਿਰਮਾਣ ਲਈ ਵੀ ਬਹੁਤ ਮਸ਼ਹੂਰ ਹੈ। ਇੱਥੇ ਤਨਖਾਹ ਦੀ ਔਸਤ ਦਰ 57082 ਡਾਲਰ ਹੈ।
ਆਇਰਲੈਂਡ— ਆਇਰਲੈਂਡ ਨੂੰ ਯੂਨਾਈਟਡ ਕਿੰਗਡਮ ਦਾ ਖੇਤੀਬਾੜੀ ਵਿਭਾਗ ਮੰਨਿਆ ਜਾਂਦਾ ਹੈ। ਇਸ ਦੀ ਅਰਥ ਵਿਵਸਥਾ ਵੀ ਆਇਰਲੈਂਡ ਦੇ ਮਜ਼ਬੂਤ ਤਕਨਾਲੋਜੀ ਉਦਯੋਗ 'ਤੇ ਨਿਰਭਰ ਹੈ। ਔਸਤ ਤਨਖਾਹ ਦੇ ਮਾਮਲੇ 'ਚ ਪੂਰੇ ਯੂਰਪ 'ਚ ਇੱਥੇ ਟੈਕਸ ਅਤੇ ਕਟੌਤੀ ਸਭ ਤੋਂ ਘੱਟ ਹੈ। ਇਸ ਦਾ ਮਤਲਬ ਹੈ ਕਿ ਇਰਿਸ਼ ਵਰਕਰਾਂ ਨੂੰ ਕੱਟ-ਕਟਾਅ ਸਭ ਤੋਂ ਵਧ ਤਨਖਾਹ ਮਿਲਦੀ ਹੈ। ਇੱਥੇ ਔਸਤ ਤਨਖਾਹ 53286 ਡਾਲਰ ਹੈ।
ਨਾਰਵੇ— ਇੱਥੇ ਔਸਤ ਤਨਖਾਹ 51718 ਡਾਲਰ ਹੈ। ਕੁਦਰਤੀ ਸਰੋਤਾਂ ਨੂੰ ਲੈ ਕੇ ਨਾਰਵੇ ਨੂੰ ਇਕ ਧਨੀ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਤੇਲ, ਜੰਗਲ ਅਤੇ ਕਈ ਹੋਰ ਕੁਦਰਤੀ ਸਰੋਤ ਪਾਏ ਜਾਂਦੇ ਹਨ, ਜੋ ਕਿ ਇੱਥੇ ਦੀ ਅਰਥ ਵਿਵਸਥਾ ਨੂੰ ਬਣਾ ਕੇ ਰੱਖਦੇ ਹਨ। ਇੱਥੇ ਬਹੁਤ ਜ਼ਿਆਦਾ ਟੈਕਸ ਦੇ ਨਾਲ-ਨਾਲ ਚੰਗੀਆਂ ਸਿਹਤ ਸਹੂਲਤਾਵਾਂ ਅਤੇ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਆਸਟ੍ਰੇਲੀਆ— ਆਸਟ੍ਰੇਲੀਆ 'ਚ ਘੱਟੋ-ਘੱਟ ਮਜ਼ਦੂਰੀ ਲਗਭਗ 17 ਅਮਰੀਕੀ ਡਾਲਰ ਪ੍ਰਤੀ ਘੰਟਾ ਹੈ, ਜੋ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਹੈ। ਇੱਥੇ ਔਸਤ ਆਮਦਨ ਦਰ 51148 ਡਾਲਰ ਹੈ। ਆਸਟ੍ਰੇਲੀਆ 'ਚ ਫੁਲ ਟਾਈਮ 35 ਘੰਟੇ ਪ੍ਰਤੀ ਹਫਤਾ ਹੈ ਅਤੇ ਇਸ ਤੋਂ ਉਪਰ ਨੂੰ ਓਵਰਟਾਈਮ ਮੰਨਿਆ ਜਾਂਦਾ ਹੈ। ਜੀ. ਡੀ. ਪੀ. ਦੇ ਲਿਹਾਜ ਨਾਲ ਆਸਟ੍ਰੇਲੀਆ ਦੁਨੀਆ ਦੀ 12ਵੀਂ ਵੱਡੀ ਅਰਥ ਵਿਵਸਥਾ ਹੈ। ਆਸਟ੍ਰੇਲੀਆ ਜ਼ਿਆਦਾਤਰ ਸਾਮਾਨ ਬਰਾਮਦ ਕਰਨ ਲਈ ਜਾਣਿਆ ਜਾਂਦਾ ਹੈ।
ਕੈਨੇਡਾ— ਕੈਨੇਡਾ ਆਕਾਰ ਅਤੇ ਆਬਾਦੀ ਦੋਹਾਂ ਖੇਤਰਾਂ 'ਚ ਇਕ ਵੱਡਾ ਦੇਸ਼ ਹੈ। ਇਸ ਦੇਸ਼ 'ਚ ਅੰਗਰੇਜ਼ੀ, ਫਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦੀ ਅਮਰੀਕਾ ਨਾਲ ਸਰਹੱਦ ਦੁਨੀਆ ਦੀਆਂ ਸਭ ਤੋਂ ਲੰਬੀਆਂ ਸਰਹੱਦਾਂ 'ਚੋਂ ਇਕ ਹੈ। ਇੱਥੇ ਔਸਤ ਆਮਦਨ ਦਰ 48164 ਡਾਲਰ ਹੈ। ਕੈਨੇਡਾ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਕੈਨੇਡਾ ਆਪਣੀ ਜੀ. ਡੀ. ਪੀ. ਦਾ 5.3 ਫੀਸਦੀ ਹਿੱਸਾ ਸਿੱਖਿਆ 'ਤੇ ਖਰਚ ਕਰਦਾ ਹੈ।