ਨਵੀਂ ਦਿੱਲੀ, 8 ਜੂਨ, 2017 : ਸਾਊਦੀ ਅਰਬ, ਬਹਿਰੀਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਯਮਨ ਅਤੇ ਮਿਸਰ ਨਾਲ ਰਾਜਨੀਤਕ ਰਿਸ਼ਤੇ ਟੁੱਟਣ ਕਾਰਨ ਕਤਰ ਅੱਜ ਚਰਚਾ 'ਚ ਹੈ। ਉਸ 'ਤੇ ਅੱਤਵਾਦ ਅਤੇ ਕੱਟੜਪੰਥੀ ਸੰਗਠਨਾਂ ਨੂੰ ਸਮਰਥਨ ਦੇਣ ਦੇ ਦੋਸ਼ ਲੱਗੇ ਹਨ। ਕਤਰ 'ਚ ਲਗਭਗ 6 ਲੱਖ ਭਾਰਤੀ ਕੰਮ ਕਰਦੇ ਹਨ। ਜਦੋਂ ਕਿ ਖਾੜੀ ਦੇਸ਼ਾਂ 'ਚ ਤਕਰੀਬਨ 70 ਲੱਖ ਭਾਰਤੀ ਕੰਮ ਕਰਦੇ ਹਨ।
ਸੰਕਟ 'ਚ ਘਿਰੇ ਕਤਰ ਦਾ ਅਸਰ ਉਨ੍ਹਾਂ ਭਾਰਤੀਆਂ 'ਤੇ ਵੀ ਹੋਵੇਗਾ ਜੋ ਖਾੜੀ ਦੇਸ਼ਾਂ 'ਚ ਅਤੇ ਬਾਹਰ ਵੀ ਕਤਰ ਏਅਰਵੇਜ਼ ਦੇ ਜਹਾਜ਼ਾਂ 'ਚ ਜਾਂਦੇ ਸਨ ਕਿਉਂਕਿ ਘੱਟੋ-ਘੱਟ 14 ਭਾਰਤੀ ਸ਼ਹਿਰਾਂ 'ਤੋਂ ਕਤਰ ਏਅਰਵੇਜ਼ ਦੀਆਂ ਸਿੱਧੀਆਂ ਉਡਾਣਾਂ ਦੁਬਈ, ਦੋਹਾ ਅਤੇ ਕੁਵੈਤ ਜਾਂਦੀਆਂ ਸਨ। ਇਨ੍ਹਾਂ ਉਡਾਣਾਂ ਦਾ ਕਿਰਾਇਆ ਬਹੁਤ ਘੱਟ ਰਹਿੰਦਾ ਸੀ। ਅਜਿਹੇ 'ਚ ਹਜ਼ਾਰਾਂ ਲੋਕ ਇਸ ਕਾਰਨ ਪ੍ਰਭਾਵਿਤ ਹੋਣਗੇ। ਉੱਥੇ ਹੀ, ਖਾੜੀ ਦੇਸ਼ਾਂ ਵੱਲੋਂ ਕਤਰ ਨਾਲ ਜ਼ਮੀਨ, ਹਵਾ ਅਤੇ ਸਮੁੰਦਰੀ ਸਰਹੱਦ ਬੰਦ ਕਰਨ ਨਾਲ ਭਾਰਤ ਦੇ ਉਨ੍ਹਾਂ ਵਪਾਰੀਆਂ ਨੂੰ ਵੀ ਬਹੁਤ ਨੁਕਸਾਨ ਹੋਵੇਗਾ, ਜਿਨ੍ਹਾਂ ਦਾ ਕਤਰ 'ਚ ਬਹੁਤ ਨਿਵੇਸ਼ ਹੈ।
ਕਤਰ ਦੀ ਗਿਣਤੀ ਉਨ੍ਹਾਂ ਦੇਸ਼ਾਂ 'ਚ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਬਹੁਤ ਜ਼ਿਆਦਾ ਤਰੱਕੀ ਕਰ ਲਈ। 1970 ਤਕ ਇਹ ਦੇਸ਼ ਕਰੀਬ-ਕਰੀਬ ਗੁਲਾਮ ਰਿਹਾ।
ਹੁਣ ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ ਨਾਲ ਕਤਰ ਦਾ ਨਾਮ ਦੁਨੀਆ 'ਚ ਪਹਿਲੇ ਨੰਬਰ 'ਤੇ ਆਉਂਦਾ ਹੈ। ਕਤਰ ਦੀ ਪ੍ਰਤੀ ਵਿਅਕਤੀ ਆਮਦਨ 82 ਲੱਖ ਰੁਪਏ ਤੋਂ ਉੱਪਰ ਹੈ।
19ਵੀਂ ਸਦੀ ਦੀ ਸ਼ੁਰੂਆਤ ਤੋਂ ਕਤਰ 'ਤੇ ਥਾਨੀ ਪਰਿਵਾਰ ਦਾ ਰਾਜ ਰਿਹਾ ਹੈ, ਉਦੋਂ ਇਹ ਬ੍ਰਿਟੇਨ ਦੇ ਅਧੀਨ ਹੋਇਆ ਕਰਦਾ ਸੀ। 17 ਜੁਲਾਈ 1913 ਨੂੰ ਸ਼ੇਖ ਅਬਦੁੱਲਾ ਬਿਨ ਕਾਸਿਮ ਅਲ ਥਾਨੀ ਦੇਸ਼ ਦੇ ਸ਼ਾਸਕ ਬਣੇ। ਇਸ ਦੇਸ਼ ਨੂੰ ਮੱਛਲੀ ਅਤੇ ਮੋਤੀਆਂ ਦੇ ਵਪਾਰ ਲਈ ਜਾਣਿਆ ਜਾਂਦਾ ਸੀ ਪਰ 1920 'ਚ ਇਸ ਕਾਰੋਬਾਰ 'ਚ ਭਾਰੀ ਗਿਰਾਵਟ ਆਈ, ਜਿਸ ਤੋਂ ਬਾਅਦ ਇੱਥੇ ਗਰੀਬੀ, ਭੁੱਖਮਰੀ ਅਤੇ ਬੀਮਾਰੀਆਂ ਫੈਲ ਗਈਆਂ।
ਫਿਰ 1939 'ਚ ਇੱਥੇ ਤੇਲ ਦੀ ਖੋਜ ਹੋਈ। 1951 'ਚ ਕਤਰ ਹਰ ਰੋਜ਼ 46500 ਬੈਰਲ ਤੇਲ ਕੱਢਣ ਲੱਗਾ। ਇਸ ਦੀ ਕੀਮਤ ਤਕਰੀਬਨ 28 ਕਰੋੜ ਰੁਪਏ ਸੀ।
ਇਸ ਤੋਂ ਬਾਅਦ ਤੇਲ ਖੋਜ ਕੰਪਨੀਆਂ ਨੇ ਸਮੁੰਦਰ ਦੇ ਇਲਾਵਾ ਕਈ ਹੋਰ ਥਾਵਾਂ 'ਤੇ ਵੀ ਤੇਲ ਖੋਜਿਆ। ਇਸ ਦੇ ਬਾਅਦ ਕਤਰ 'ਚ ਰੋਜ਼ ਤੇਲ ਉਤਪਾਦਨ ਵਧ ਕੇ 2,33,000 ਬੈਰਲ ਹੋਣ ਲੱਗਾ। 1960 ਦੇ ਦਹਾਕੇ 'ਚ ਕਤਰ ਦੀ ਕਮਾਈ 'ਚ ਜ਼ਬਰਦਸਤ ਵਾਧਾ ਹੋਇਆ। ਇਸ ਦੇ ਨਾਲ ਹੀ ਅਲ ਥਾਨੀ ਪਰਿਵਾਰ ਨੇ ਦੇਸ਼ 'ਤੇ ਆਪਣੀ ਪਕੜ ਹੋਰ ਵੀ ਮਜ਼ਬੂਤ ਕਰ ਲਈ। ਪਰਿਵਾਰ ਨੇ ਹਰ ਵੱਡੇ ਸਰਕਾਰੀ ਅਹੁਦੇ 'ਤੇ ਆਪਣੇ ਮੈਂਬਰ ਨੂੰ ਹੀ ਬਿਠਾਇਆ।