ਨਵੀਂ ਦਿੱਲੀ, 29 ਮਈ, 2017 : ਭਾਰਤ ਵਿਚ ਵਿਕਸਿਤ ਲਗਭਗ 200 ਵੱਡੇ ਹਾਥੀਆਂ ਦੇ ਬਰਾਬਰ ਭਾਰ ਵਾਲਾ ਸਭ ਤੋਂ ਵਿਸ਼ਾਲ ਰਾਕੇਟ ਭਾਰਤੀਆਂ ਨੂੰ ਪੁਲਾੜ ਤਕ ਪਹੁੰਚਾ ਸਕੇਗਾ। ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਸਥਿਤ ਰਾਕੇਟ ਕੇਂਦਰ 'ਤੇ ਦੇਸ਼ ਦੇ ਸਭ ਤੋਂ ਆਧੁਨਿਕ ਅਤੇ ਭਾਰੀ ਜਿਓਸਿੰਕ੍ਰੋਨਿਸ ਉਪਗ੍ਰਹਿ ਲਾਂਚ ਗੱਡੀ ਮਾਰਕ-3 (ਜੀ. ਐੱਸ. ਐੱਲ. ਵੀ. ਐੱਮ. ਕੇ.-3) ਨੂੰ ਰੱਖਿਆ ਗਿਆ ਹੈ ਜੋ ਹੁਣ ਤਕ ਦੇ ਸਭ ਤੋਂ ਭਾਰੇ ਉਪਗ੍ਰਹਿਆਂ ਨੂੰ ਲਿਜਾਣ ਵਿਚ ਸਮਰਥ ਹੈ। ਇਸਰੋ ਇਸ ਦੀ ਲਾਂਚਿੰਗ ਲਈ ਤਿਆਰ ਹੈ।
ਇਸ ਦੇ ਨਾਲ ਹੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵਿਸ਼ਵ ਦੇ ਕਈ ਕਰੋੜ ਡਾਲਰ ਦੇ ਲਾਂਚਿੰਗ ਬਾਜ਼ਾਰ ਵਿਚ ਮਜ਼ਬੂਤ ਸਥਿਤੀ ਬਣਾ ਲਈ ਹੈ।
ਜੀ. ਐੱਸ. ਐੱਲ. ਵੀ.-ਐੱਮ ਕੇ-3 ਦੀ ਇਹ ਪਹਿਲੀ ਅਜਮਾਇਸ਼ੀ ਲਾਂਚਿੰਗ ਹੈ ਪਰ ਜੇਕਰ ਸਭ ਕੁਝ ਯੋਜਨਾ ਦੇ ਅਨੁਸਾਰ ਚਲਦਾ ਹੈ ਤਾਂ ਇਕ ਦਹਾਕੇ ਜਾਂ ਘੱਟੋ-ਘੱੱਟ ਅੱਧੀ ਦਰਜਨ ਸਫਲ ਲਾਂਚਿੰਗ ਮਗਰੋਂ ਇਸ ਰਾਕੇਟ ਨੂੰ ਧਰਤੀ ਤੋਂ ਭਾਰਤੀਆਂ ਨੂੰ ਪੁਲਾੜ ਵਿਚ ਪਹੁੰਚਾਉਣ ਵਾਲੇ 'ਸਭ ਤੋਂ ਢੁਕਵੇਂ ਬਦਲਦੇ ਰੂਪ ਵਿਚ ਵਰਤੋਂ 'ਚ ਲਿਆਂਦਾ ਜਾ ਸਕੇਗਾ।
ਇਹ ਰਾਕੇਟ ਪ੍ਰਿਥਵੀ ਦੇ ਘੱਟ ਉਚਾਈ ਵਾਲੀ ਗ੍ਰਹਿ ਪੰਧ ਤਕ 8 ਟਨ ਭਾਰ ਲਿਜਾਣ ਵਿਚ ਸਮਰਥ ਹੈ ਜੋ ਭਾਰਤ ਦੀ ਚਾਲਕ ਟੀਮ ਨੂੰ ਲਿਜਾਣ ਦੇ ਲਿਹਾਜ ਤੋਂ ਢੁਕਵਾਂ ਹੈ। ਇਸਰੋ ਪਹਿਲਾਂ ਹੀ ਪੁਲਾੜ ਵਿਚ 2-3 ਮੈਂਬਰੀ ਚਾਲਕ ਟੀਮਾਂ ਭੇਜਣ ਦੀ ਯੋਜਨਾ ਤਿਆਰ ਕਰ ਚੁੱਕਾ ਹੈ।