ਨਵੀਂ ਦਿੱਲੀ, 16 ਮਾਰਚ, 2017 : ਕੀ ਤੁਹਾਨੂੰ ਪਤਾ ਹੈ ਕਿ ਜੋ ਸਰਕਾਰ ਨੇ ਨੋਟ ਬਦਲ ਕੇ ਨਵੇਂ ਨੋਟ ਛਪਵਾਏ ਉਨ੍ਹਾਂ 'ਤੇ ਕਿੰਨਾ ਖਰਚਾ ਆਇਆ? ਮਤਲਬ ਇਹ ਹੈ ਕਿ 500 ਅਤੇ 2000 ਦੇ ਨਵੇਂ ਨੋਟ ਦੀ ਛਪਾਈ 'ਤੇ ਕਿੰਨਾ ਖਰਚ ਆਉਂਦਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਨੋਟਾਂ 'ਤੇ ਆਏ ਖਰਚੇ ਦੀ ਜਾਣਕਾਰੀ ਦਿੱਤੀ।
500 ਅਤੇ 2000 ਦੇ ਨੋਟਾਂ 'ਤੇ ਛਪਾਈ ਦੀ ਲਾਗਤ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ 500 ਰੁਪਏ ਦੇ ਨਵੇਂ ਨੋਟ ਦੀ ਛਪਾਈ 'ਤੇ 2.87 ਰੁਪਏ ਤੋਂ 3.09 ਰੁਪਏ ਦੇ ਵਿੱਚ ਖਰਚ ਆਉਂਦਾ ਹੈ ਅਤੇ 2000 ਦੇ ਨਵੇਂ ਨੋਟ ਦੀ ਛਪਾਈ 'ਤੇ 3.54 ਰੁਪਏ ਤੋਂ ਲੈ ਕੇ 3.77 ਰੁਪਏ ਦੇ ਅੰਤਰਾਲ 'ਚ ਲਾਗਤ ਆਉਂਦੀ ਹੈ।
ਸਰਕਾਰ ਨੇ ਬੁੱਧਵਾਰ ਨੂੰ ਸਦਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਕੇਂਦਰੀ ਵਿੱਤ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਰਾਜਸਭਾ 'ਚ ਆਪਣੇ ਲਿਖਤ ਜਵਾਬ 'ਚ ਕਿਹਾ ਕਿ 500 ਦੇ ਹਰ ਨੋਟ ਦੀ ਛਪਾਈ 'ਤੇ 2.87 ਰੁਪਏ ਤੋਂ 3.09 ਰੁਪਏ ਦੇ ਅੰਤਰਾਲ 'ਚ ਅਤੇ 2000 ਰੁਪਏ ਦੇ ਹਰ ਨੋਟ 'ਤੇ 3.54 ਰੁਪਏ ਤੋਂ 3.77 ਰੁਪਏ ਦੇ ਅੰਤਰਾਲ 'ਚ ਲਾਗਤ ਆਉਂਦੀ ਹੈ।
ਮੇਘਵਾਲ ਅਨੁਸਾਰ ਕਿਉਂਕਿ 500 ਅਤੇ 2000 ਦੇ ਨਵੇਂ ਨੋਟਾਂ ਦੀ ਛਪਾਈ ਅਜੇ ਪੂਰੀ ਨਹੀਂ ਹੋਈ, ਜਿਸ ਕਾਰਨ ਨੋਟਾਂ 'ਤੇ ਲੱਗਣ ਵਾਲੀ ਕੁੱਲ ਲਾਗਤ ਦਾ ਅੰਦਾਜ਼ਾ ਅਜੇ ਨਹੀਂ ਲਗਾਇਆ ਜਾ ਸਕਦਾ। 24 ਫਰਵਰੀ ਤੱਕ ਦੇਸ਼ 'ਚ ਕੁੱਲ ਪ੍ਰਚਲਿਤ ਮੁਦਰਾ 11.641 ਲੱਖ ਕਰੋੜ ਸੀ। 10 ਦਸੰਬਰ, 2016 ਤੱਕ ਭਾਰਤੀ ਰਿਜ਼ਰਵ ਬੈਂਕ 'ਚ ਕੁੱਲ 12.44 ਲੱਖ ਕਰੋੜ ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਹੋਏ ਸਨ।
ਇਕ ਹੋਰ ਵਿੱਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇੱਕ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਰਾਜ ਸਭਾ ਨੂੰ ਦੱਸਿਆ ਕਿ ਆਮਦਨ ਕਰ ਵਿਭਾਗ ਨੇ 1,100 ਤੋਂ ਵਧ ਤਲਾਸ਼ੀ ਅਤੇ ਜਾਂਚ ਅਭਿਆਨ ਚਲਾਏ ਅਤੇ ਉੱਚੀ ਨਕਦ ਜਮ੍ਹਾਂ ਰਾਸ਼ੀ ਦੇ ਤਹਿਤ ਸ਼ੱਕੀ ਲੈਣ-ਦੇਣ ਦੇ ਸਬੰਧ 'ਚ 5,100 ਤੋਂ ਵੱਧ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਅਭਿਆਨਾਂ ਦੇ ਤਹਿਤ 10 ਜਨਵਰੀ, 2017 ਤੱਕ 610 ਕਰੋੜ ਰੁਪਏ ਤੋਂ ਵਧ ਕੀਮਤ ਦਾ ਸਮਾਨ ਬਰਾਮਦ ਕੀਤਾ ਗਿਆ, ਜਿਸ 'ਚ 513 ਕਰੋੜ ਰੁਪਏ ਦੀ ਨਗਦੀ ਅਤੇ 5,400 ਕਰੋੜ ਰੁਪਏ ਤੋਂ ਵਧ ਦੀ ਅਣਐਲਾਨੀ ਆਮਦਨ ਦਾ ਖੁਲਾਸਾ ਹੋਇਆ।