ਲੰਡਨ— ਜੇਕਰ ਤੁਸੀਂ ਵੀ ਬ੍ਰਿਟੇਨ ਦੀ ਮਹਾਰਾਣੀ ਦੇ ਠਾਠ-ਬਾਠ ਦੇਖ ਕੇ ਉਸ ਦੇ ਮੁਰੀਦ ਹੋ ਜਾਂਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਉਸ ਕੋਲ ਅਜਿਹੀਆਂ-ਅਜਿਹੀਆਂ ਸ਼ਕਤੀਆਂ ਹੁੰਦੀਆਂ ਹਨ, ਜਿਸ ਬਾਰੇ ਤੁਸੀਂ ਸੋਚ ਤੱਕ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੀਆਂ ਅਜਿਹੀਆਂ ਸ਼ਕਤੀਆਂ ਬਾਰੇ, ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉਸ ਵਰਗਾ ਦੁਨੀਆ 'ਤੇ ਕੋਈ ਹੋਰ ਨਹੀਂ ਹੈ---
1. ਮਹਾਰਾਣੀ ਨੂੰ ਡਰਾਈਵਿੰਗ ਲਈ ਲਾਈਸੈਂਸ ਲੈਣ ਦੀ ਲੋੜ ਨਹੀਂ ਹੁੰਦੀ।
2. ਹਵਾਈ ਸਫਰ ਲਈ ਉਸ ਨੂੰ ਪਾਸਪੋਰਟ ਦੀ ਲੋੜ ਨਹੀਂ ਹੁੰਦੀ।
3. ਸਾਲ ਵਿਚ ਦੋ ਵਾਰ ਉਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। 'ਰਾਇਲ ਮਿੰਟ' ਦੇ ਮੁਤਾਬਕ ਅਧਿਕਾਰਤ ਤੌਰ 'ਤੇ ਮਹਾਰਾਣੀ ਦਾ ਜਨਮ ਦਿਨ ਜੂਨ ਵਿਚ ਮਨਾਇਆ ਜਾਂਦਾ ਹੈ, ਜਦੋਂ ਕਿ ਮਹਾਰਾਣੀ ਐਲਿਜ਼ਾਬੇਥ ਦਾ ਅਸਲ ਜਨਮ ਦਿਨ 21 ਅਪ੍ਰੈਲ ਨੂੰ ਹੈ।
4. ਮਹਾਰਾਣੀ ਕੋਲ ਆਪਣੀ ਨਿੱਜੀ ਕਵੀ ਹੈ। ਇਹ ਅਹੁਦਾ ਉਸ ਕਵੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਦੇਸ਼ ਲਈ ਕੰਮ ਕੀਤਾ ਹੋਵੇ। ਫਿਲਹਾਲ ਕੈਰੋਲ ਐਨ ਡਫੀ ਮਹਾਰਾਣੀ ਐਲਿਜ਼ਾਬੇਥ ਦਾ ਨਿੱਜੀ ਕਵੀ ਹੈ।
5. ਮਹਾਰਾਣੀ ਕੋਲ ਆਪਣੀ ਨਿੱਜੀ ਕੈਸ਼ ਮਸ਼ੀਨ ਹੁੰਦੀ ਹੈ। ਇਹ ਮਸ਼ੀਨ ਬਕਿੰਘਮ ਪੈਲੇਸ ਦੀ ਬੇਸਮੈਂਟ ਵਿਚ ਲੱਗੀ ਹੈ। ਇਹ ਕੈਸ਼ ਮਸ਼ੀਨ ਬ੍ਰਿਟੇਨ ਦੀਆਂ ਮਸ਼ਹੂਰ ਬੈਂਕਾਂ ਵਿਚ ਸ਼ਾਮਲ ਕੌਟਸ ਬੈਂਕ ਵੱਲੋਂ ਦਿੱਤੀ ਗਈ ਹੈ।
6. ਥੇਮਜ਼ ਨਦੀ ਵਿਚ ਘੁੰਮਦੇ ਸਾਰੇ ਹੰਸਾਂ 'ਤੇ ਮਹਾਰਾਣੀ ਦਾ ਮਾਲਿਕਾਨਾ ਹੱਕ ਹੈ।
7. ਬ੍ਰਿਟੇਨ ਦੇ ਪਾਣੀਆਂ ਦੀਆਂ ਸਾਰੀਆਂ ਡਾਲਫਿਨਾਂ 'ਤੇ ਵੀ ਮਹਾਰਾਣੀ ਐਲਿਜ਼ਾਬੇਥ ਦਾ ਹੱਕ ਹੈ।
8. ਮਹਾਰਾਣੀ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਬਿੱਲ ਨੂੰ ਪਾਸ ਕਰਕੇ ਕਾਨੂੰਨ ਨਹੀਂ ਬਣਾਇਆ ਜਾ ਸਕਦਾ।
9. ਮਹਾਰਾਣੀ ਨੂੰ ਟੈਕਸ ਤੋਂ ਛੋਟ ਪ੍ਰਾਪਤ ਹੈ ਪਰ ਇਸ ਦੇ ਬਾਵਜੂਦ ਮਹਾਰਾਣੀ 1922 ਤੋਂ ਖੁਦ ਆਪਣੀ ਮਰਜ਼ੀ ਨਾਲ ਟੈਕਸ ਅਦਾ ਕਰ ਰਹੀ ਹੈ।
10. ਮਹਾਰਾਣੀ ਦੇ ਪਰਿਵਾਰ ਬਾਰੇ 'ਸੂਚਨਾ ਦੀ ਆਜ਼ਾਦੀ' ਤਹਿਤ ਕੋਈ ਸੂਚਨਾ ਨਹੀਂ ਲਈ ਜਾ ਸਕਦੀ।
11. ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਮਹਾਰਾਣੀ ਮੰਤਰੀਆਂ ਦੀ ਕਿਸੀ ਵੀ ਸਲਾਹ ਅਤੇ ਸੋਚ ਦੇ ਖਿਲਾਫ ਵੀਟੋ ਕਰਨ ਦੀ ਸ਼ਕਤੀ ਰੱਖਦੀ ਹੈ।
12. ਮਹਾਰਾਣੀ ਸਿਰਫ ਬ੍ਰਿਟੇਨ ਹੀ ਨਹੀਂ ਸਗੋਂ ਆਸਟ੍ਰੇਲੀਆ ਦੀ ਵੀ ਮਹਾਰਾਣੀ ਹੈ। 1953 ਵਿਚ ਉਨ੍ਹਾਂ ਨੂੰ ਇਹ ਖਿਤਾਬ ਦਿੱਤਾ ਗਿਆ ਸੀ।
13. ਬ੍ਰਿਟੇਨ ਅਤੇ ਆਸਟ੍ਰੇਲੀਆ ਤੋਂ ਇਲਾਵਾ ਮਹਾਰਾਣੀ ਕੈਨੇਡਾ, ਬਹਾਮਾਸ, ਐਂਟੀਗੁਆ ਅਤੇ ਬਾਰਬੁਡਾ, ਬਾਰਬਾਡਸ, ਬੇਲਿਜ਼, ਗ੍ਰੇਨੇਡਾ, ਜਮੈਕਾ, ਨਿਊਜ਼ੀਲੈਂਡ, ਪਾਪੁਆ ਨਿਊ ਗਿੰਨੀ, ਸੈਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸੈਂਟ ਵਿੰਸੇਂਟ ਅਤੇ ਗ੍ਰੇਨੇਡਾਈਂਸ, ਸੋਲੋਮਨ, ਆਈਲੈਂਡ ਅਤੇ ਤੁਵਾਲੂ ਦੀ ਵੀ ਮਹਾਰਾਣੀ ਹੈ।
14. ਮਹਾਰਾਣੀ ਐਲਿਜ਼ਾਬੇਥ ਇੰਗਲੈਂਡ ਦੀ ਚਰਚ ਦੀ ਮੁਖੀ ਵੀ ਹੈ।
15. ਮਹਾਰਾਣੀ 'ਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।
16. ਮਹਾਰਾਣੀ ਆਸਟਰੇਲੀਆ ਦੀ ਸਰਕਾਰ ਨੂੰ ਭੰਗ ਕਰ ਸਕਦੀ ਹੈ। ਅਸਲ ਵਿਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਗਵਰਨਰ ਜਨਰਲ ਵੱਲੋਂ ਕੀਤੀ ਜਾਂਦੀ ਹੈ। ਮਹਾਰਾਣੀ ਕਿਸੇ ਵੀ ਸਮੇਂ ਗਵਰਨਰ ਜਨਰਲ ਨੂੰ ਨਵੇਂ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਨ ਲਈ ਕਹਿ ਸਕਦੀ ਹੈ। ਉਹ ਆਸਟਰੇਲੀਆ ਦਾ ਨਵਾਂ ਗਵਰਨਰ ਜਨਰਲ ਵੀ ਖੁਦ ਨਿਯੁਕਤ ਕਰ ਸਕਦੀ ਹੈ।