ਨਵੀਂ ਦਿੱਲੀ, 12 ਦਸੰਬਰ, 2016 : ਇਤਿਹਾਸਕਾਰ ਅਤੇ ਲੇਖਕ ਵਿਲੀਅਮ ਡਰਰਿੰਪਲ ਦਾ ਕਹਿਣਾ ਹੈ ਕਿ ਕੋਹਿਨੂਰ ਹੀਰਾ ਬ੍ਰਿਟਿਸ਼ ਸ਼ਾਸਕਾਂ ਨੂੰ ਤੋਹਫੇ ਵਜੋਂ ਨਹੀਂ ਦਿੱਤਾ ਗਿਆ ਸੀ, ਬਲਕਿ ਉਹ ਜ਼ਬਰਦਸਤੀ ਇਸ ਨੂੰ ਭਾਰਤ ਤੋਂ ਲੈ ਗਏ ਸਨ। ਡਰਰਿੰਪਲ ਨੇ ਪੱਤਰਕਾਰ ਅਨਿਤਾ ਆਨੰਦ ਨਾਲ ਮਿਲ ਕੇ ਇਸ ਬਹੁਮੁੱਲੇ ਚਰਚਿਤ ਹੀਰੇ 'ਤੇ ਇਕ ਨਵੀਂ ਕਿਤਾਬ ਲਿਖੀ ਹੈ। ਡਰਰਿੰਪਲ ਨੇ ਕਿਹਾ,''ਟਾਵਰ ਆਫ ਲੰਡਨ 'ਚ ਰੱਖਿਆ ਗਿਆ ਸਭ ਤੋਂ ਪ੍ਰਸਿੱਧ ਕੋਹਿਨੂਰ ਹੀਰਾ ਬਸਤੀਵਾਦ ਦੌਰ ਦੀਆਂ ਲੁੱਟਾਂ ਦਾ ਇਕ ਪ੍ਰਤੀਕ ਹੈ।'' ਸਾਲ 1989 'ਚ ਭਾਰਤ 'ਚ ਆਉਂਦੇ-ਜਾਂਦੇ ਰਹੇ ਸਟਾਕਿਸ਼ ਇਤਿਹਾਸਕਾਰ ਨੇ ਕਿਹਾ,''ਇਸ ਰਤਨ ਨੂੰ ਲਿਜਾਣ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ ਹੈ। ਇਹ ਕਹਿਣਾ ਬਿਲਕੁਲ ਬਕਵਾਸ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਤੋਹਫੇ ਵਜੋਂ ਦਿੱਤਾ ਸੀ।
ਇਸ ਹੀਰੇ 'ਤੇ ਲਿਖੀ ਗਈ ਕਿਤਾਬ 'ਕੋਹਿਨੂਰ : ਦ ਸਟੋਰੀ ਆਫ ਵਰਲਡਜ਼ ਮੋਸਟ ਇਨਫੇਮਸ ਡਾਇਮੰਡ' ਦੀ ਸਹਿ-ਲੇਖਿਕਾ ਅਤੇ ਬ੍ਰਿਟਿਸ਼ ਰੇਡੀਓ ਅਤੇ ਟੀ. ਵੀ ਪੱਤਰਕਾਰ ਅਨਿਤਾ ਆਨੰਦ ਨੇ ਵੀ ਡਰਰਿੰਪਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ,''ਅਸੀਂ ਬਕਵਾਸ 'ਤੇ ਇਤਰਾਜ਼ ਜਤਾਉਂਦੇ ਹਾਂ ਕਿ ਲੋਕ ਸਮਝਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਤੋਹਫੇ ਵਜੋਂ ਦਿੱਤਾ ਸੀ। ਇਸ ਨੂੰ ਤੋਹਫੇ ਵਜੋਂ ਨਹੀਂ ਦਿੱਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਇਕ ਦਸ ਸਾਲ ਦੇ ਪੁੱਤਰ ਦਿਲੀਪ ਸਿੰਘ ਸਨ ਜਿਨ੍ਹਾਂ ਦੇ ਕਬਜ਼ੇ 'ਚੋਂ 29 ਮਾਰਚ,1849 ਨੂੰ ਕੋਹਿਨੂਰ ਖੋਹਿਆ ਗਿਆ ਸੀ। ਉਨ੍ਹਾਂ ਕਿਹਾ,''ਉਸ ਸਮੇਂ ਉਹ ਇਕ ਡਰੇ ਹੋਏ ਬੱਚੇ ਸਨ ਜਿਸ ਕਾਰਨ ਉਹ ਬ੍ਰਿਟਿਸ਼ ਦਬਾਅ ਅੱਗੇ ਝੁਕ ਗਏ।''
ਆਨੰਦ ਨੇ ਇਸ ਟਿੱਪਣੀ ਨੂੰ ਪੁਸਤਕ 'ਚ ਨਵੇਂ ਇਤਿਹਾਸਕ ਤੱਥਾਂ ਅਤੇ ਪ੍ਰਮਾਣਾਂ ਨਾਲ ਸਾਬਿਤ ਵੀ ਕੀਤਾ ਹੈ। ਇਹ ਇਸ ਲਈ ਮਹੱਤਵਪੂਰਨ ਹੈ ਕਿ ਕਿਉਂਕਿ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੇ ਇਸ ਹੀਰੇ 'ਤੇ ਇਕ ਵਾਰ ਫਿਰ ਤੋਂ ਦਾਅਵਾ ਕੀਤਾ ਸੀ। ਇਸ ਦਾਅਵੇ ਤੋਂ ਬਾਅਦ ਕੋਹਿਨੂਰ ਫਿਰ ਤੋਂ ਭਾਰਤ ਅਤੇ ਵਿਦੇਸ਼ੀ ਮੀਡੀਆ ਦੀਆਂ ਸੁਰਖੀਆਂ 'ਚ ਆ ਗਿਆ ਸੀ। ਹਾਲਾਂਕਿ ਸਰਕਾਰ ਨੇ ਪਿਛਲੀ 16 ਅਪ੍ਰੈਲ ਨੂੰ ਸੁਪਰੀਮ ਕੋਰਟ ਨੂੰ ਕਿਹਾ,''ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਪੂਰੀ ਆਜ਼ਾਦੀ ਨਾਲ ਅੰਗਰੇਜ਼ਾਂ ਨੂੰ ਦਿੱਤਾ ਸੀ। ਬ੍ਰਿਟਿਸ਼ ਸ਼ਾਸਕਾਂ ਨੇ ਨਾ ਤਾਂ ਇਸ ਨੂੰ ਚੋਰੀ ਕੀਤਾ ਸੀ ਅਤੇ ਨਾ ਹੀ ਇਸ ਨੂੰ ਜ਼ਬਰਦਸਤੀ ਖੋਹ ਕੇ ਲੈ ਗਏ ਸਨ।'
ਇਸ ਕਿਤਾਬ ਨੇ ਇਕ ਗਰਮਾਗਰਮ ਬਹਿਸ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ ਕਿ ਕੀ ਹੀਰਾ ਅੰਤ 'ਚ ਭਾਰਤ 'ਚ ਵਾਪਸ ਲਿਆਉਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ, ਇਰਾਨ, ਅਫਗਾਨਿਸਤਾਨ ਅਤੇ ਇੱਥੋਂ ਤੱਕ ਕਿ ਤਾਲਿਬਾਨ ਵੀ ਇਸ ਨੂੰ ਆਪਣਾ ਦੱਸਦੇ ਹਨ। ਹਾਲਾਂਕਿ ਡਰਰਿੰਪਲ ਨੇ ਇਕ ਦਿਲਚਸਪ ਸੁਝਾਅ ਦਿੰਦੇ ਹੋਏ ਕਿਹਾ,'ਵਾਹਘਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਮਿਲ ਕੇ ਮਿਊਜ਼ੀਅਮ ਬਣਾਉਣ ਜਿਸ 'ਚ ਇਸ ਹੀਰੇ ਨੂੰ ਰੱਖਿਆ ਜਾਵੇ ਅਤੇ ਜਿਸ ਨਾਲ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਹੋ ਸਕੇ।'