ਪਟਿਆਲਾ 8ਮਈ 2018 : ਤਨਖ਼ਾਹਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ (ਯੂਐਫਬੀਯੂ) ਅਤੇ ਭਾਰਤੀ ਬੈਂਕ ਐਸੋਸੀਏਸ਼ਨ ਆਈ.ਬੀ.ਏ. ਦੇ ਵਿਚ ਬੀਤੀ 5 ਮਈ ਨੂੰ ਤਨਖ਼ਾਹਾਂ ਵਾਧੇ ਦੀ ਹੋਈ ਮੀਟਿੰਗ ਸਫ਼ਲ ਹੋਣ ਤੋਂ ਬਾਅਦ ਯੂਐਫਬੀਯੂ ਦੇ ਸੱਦੇ 'ਤੇ 10 ਲੱਖ ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀਆਂ ਨੇ 8 ਮਈ ਅਤੇ 9 ਮਈ ਨੂੰ ਬੈਂਕ ਐਸੋਸੀਏਸ਼ਨ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ। ਜਿਸ ਲੜੀ ਤਹਿਤ ਅੱਜ ਸ਼ੇਰਾਂ ਵਾਲਾ ਗੇਟ ਐਫ. ਬੀ.ਆਈ. ਦੇ ਮੁੱਖ ਦਫ਼ਤਰ ਦੇ ਬਾਹਰ 200 ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਇਕ ਵਿਰੋਧ ਪ੍ਰਦਰਸ਼ਨ ਕੀਤਾ।
ਇਥੇ ਦੱਸਣਯੋਗ ਹੈ ਕਿ ਤਨਖ਼ਾਹ ਦੇ ਵਾਧੇ ਲਈ ਮੰਗ ਪੱਤਰ ਪਿਛਲੇ ਮਈ 2017 ਵਿਚ ਆਈ. ਬੀ. ਏ. ਨੂੰ ਪੇਸ਼ ਕੀਤਾ ਗਿਆ ਸੀ ਅਤੇ ਸਮੁੱਚੇ ਭਾਰਤ ਵਿਚ 1.11.2017 ਤੋਂ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿਚ ਵਾਧਾ ਹੋਣਾ ਸੀ ਪਰ ਹਾਲੇ ਤੱਕ ਇਸ ਮੁੱਦੇ 'ਤੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਇਸ ਮੌਕੇ ਐਫ. ਬੀ. ਆਈ. ਅਫ਼ਸਰ ਐਸੋਸੀਏਸ਼ਨ ਦੇ ਉਪ ਮਹਾਂ ਸਕੱਤਰ ਅਤੇ ਯੂ.ਐਫ.ਬੀ.ਯੂ. ਦੇ ਸੰਯੋਜਕ ਕਾਮਰੇਡ ਰਾਜੀਵ ਸਰਹਿੰਦੀ ਨੇ ਅਧਿਕਾਰੀਆਂ ਦੀਆਂ ਮੰਗਾਂ ਪ੍ਰਤੀ ਆਈ.ਬੀ.ਏ. ਅਤੇ ਕੇਂਦਰ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਕਾਰਨ ਹੀ ਕੇਂਦਰ ਸਰਕਾਰ ਇਕ ਤੋਂ ਬਾਅਦ ਇਕ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਕਾਮਯਾਬ ਹੋਈ ਹੈ। ਉਨਾਂ ਕਿਹਾ ਕਿ ਨੋਟਬੰਦੀ ਦੌਰਾਨ ਜੰਗੀ ਪੱਧਰ 'ਤੇ ਦਿਨ ਰਾਤ ਕੰਮ ਕਰਕੇ ਸਰਕਾਰ ਦੀ ਇਸ ਇੰਨੀ ਵੱਡੀ ਯੋਜਨਾ ਨੂੰ ਲਾਗੂ ਕੀਤਾ ਪਰ ਸਰਕਾਰ ਇਨਾਂ ਦੇ ਤਨਖ਼ਾਹਾਂ ਦੇ ਵਾਧੇ ਦੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਸ ਮੌਕੇ ਸਹਾਇਕ ਜਨਰਲ ਸਕੱਤਰ ਕਾਮਰੇਡ ਸੁਸ਼ੀਲ ਗੌਤਮ ਨੇ ਵੀ ਸਭਾ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਮਈ 2018 ਦੇ ਅਖ਼ੀਰ ਵਿਚ ਦੋ ਦਿਨਾਂ ਦੀ ਹੜਤਾਲ ਲਈ ਭਵਿੱਖ ਵਿਚ ਸਾਂਝੇ ਤੌਰ 'ਤੇ ਫੈਸਲਾ ਲਿਆ ਜਾਵੇਗਾ ਕਿਉਂਕਿ ਕਰਮਚਾਰੀਆਂ ਨੇ ਸਿਰਫ਼ 2 ਪ੍ਰਤੀਸ਼ਤ ਵਾਧੇ ਦੀ ਇਕ ਛੋਟੀ ਜਿਹੀ ਪੇਸ਼ਕਸ਼ ਕੀਤੀ ਹੈ ਜਿਸ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਅਤੇ ਇਸੇ ਕਰਕੇ ਅਧਿਕਾਰੀ ਅਤੇ ਕਰਮਚਾਰੀ ਅੰਦੋਲਨ ਲਈ ਮਜਬੂਰ ਹੋਏ ਹਨ।
ਇਸ ਮੌਕੇ ਕਾਮਰੇਡ ਹਰਿੰਦਰ ਗੁਪਤਾ, ਕਾਮਰੇਡ ਜਗਜੀਤ ਸਿੰਘ, ਬੈਂਕ ਆਫ਼ ਇੰਡੀਆ ਦੇ ਕਾਮਰੇਡ ਹਰਸ਼ਵਿੰਦਰ ਸਿੰਘ, ਕੈਨਰਾ ਬੈਂਕ ਕਾਮਰੇਡ ਪਰਮਿੰਦਰ ਸਿੰਘ, ਪ੍ਰਦੂਮਨ ਸਿੰਘ, ਕਾਮਰੇਡ ਗੁਰਮੀਤ ਕੌਰ ਕਾਲਰਾ, ਕਾਮਰੇਡ ਸੰਜੀਵ ਸ਼ਰਮਾ, ਕਾਮਰੇਡ ਅਰਵਿੰਦ ਕੁਮਾਰ, ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਦੇ ਕਾਮਰੇਡ ਯਾਦਵਿੰਦਰ ਗੁਪਤਾ, ਕਾਮਰੇਡ ਸਨਮੀਤ ਸਿੰਘ, ਲਵਲੀਨ ਸੈਨੀ, ਬਲਬੀਰ ਸ਼ਰਮਾ, ਜਸਵੀਰ ਸਿੰਘ, ਹਰਭਾਗ ਸਿੰਘ, ਗੁਰਮੁਖ ਸਿੰਘ ਮਨੀਸ਼ ਕੁਮਾਰ, ਅਭਿਨਵ ਗੋਇਲ, ਦਵਿੰਦਰ ਸਿੰਘ, ਰਾਕੇਸ਼ ਵਰਮੀ, ਬਲਵਿੰਦਰ ਸਿੱਧੂ, ਅਮਨਜੋਤ ਸਿੰਘ, ਦਿਨੇਸ਼ ਗੁਪਤਾ, ਯਾਦਵਿੰਦਰ ਸਿੰਗਲਾ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।