ਸ਼੍ਰੀਨਗਰ/ਜੰਮੂ, 19 ਮਈ, 2017 : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਵੀਰਵਾਰ ਸ਼੍ਰੀਨਗਰ ਸਥਿਤ ਐੱਸ. ਕੇ. ਆਈ. ਸੀ. ਸੀ. ਵਿਖੇ ਆਯੋਜਿਤ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ 6 ਵਸਤਾਂ ਜਾਂ ਸੇਵਾਵਾਂ ਨੂੰ ਛੱਡ ਕੇ ਬਾਕੀ 1211 ਵਸਤਾਂ ਜਾਂ ਸੇਵਾਵਾਂ 'ਤੇ ਜੀ. ਐੱਸ. ਟੀ. ਦੀਆਂ ਟੈਕਸ ਦਰਾਂ ਨਿਰਧਾਰਤ ਕਰਨ ਸੰਬੰਧੀ ਸਹਿਮਤੀ ਬਣ ਗਈ। ਇਨ੍ਹਾਂ ਵਿਚੋਂ 81 ਫੀਸਦੀ ਵਸਤਾਂ ਜਾਂ ਸੇਵਾਵਾਂ 'ਤੇ ਟੈਕਸ ਰੇਟ ਸਲੈਬ 18 ਫੀਸਦੀ ਤੋਂ ਵੀ ਘੱਟ ਨਿਰਧਾਰਤ ਕੀਤੀ ਗਈ ਹੈ। ਇਸ ਬੈਠਕ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਦੇ ਵਿੱਤ ਮੰਤਰੀਆਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਦੋ ਦਿਨਾ ਇਸ ਬੈਠਕ ਵਿਚ ਸੋਨਾ ਅਤੇ ਬੀੜੀ ਵਰਗੀਆਂ ਵਸਤਾਂ 'ਤੇ ਸ਼ੁੱਕਰਵਾਰ ਨੂੰ ਟੈਕਸ ਦਰਾਂ ਨਿਰਧਾਰਤ ਹੋਣਗੀਆਂ। ਇਸ ਦੇ ਨਾਲ ਹੀ ਟੈਕਸ ਫ੍ਰੀ ਵਸਤਾਂ ਦੀ ਸੂਚੀ ਵੀ ਸ਼ੁੱਕਰਵਾਰ ਨੂੰ ਹੀ ਤਿਆਰ ਕੀਤੀ ਜਾਵੇਗੀ। 1 ਜੁਲਾਈ ਤੋਂ ਦੇਸ਼ ਭਰ ਵਿਚ ਜੀ. ਐੱਸ. ਟੀ. ਨੂੰ ਲਾਗੂ ਕਰਨ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਚਰਚਾ ਦੌਰਾਨ 10 ਨੁਕਤੇ ਨਿਰਧਾਰਤ ਕੀਤੇ ਗਏ ਅਤੇ ਇਨ੍ਹਾਂ ਸਭ 'ਤੇ ਚਰਚਾ ਕਰਨ ਪਿੱਛੋਂ ਪ੍ਰਵਾਨਗੀ ਦੇ ਦਿੱਤੀ ਗਈ। ਬੈਠਕ ਵਿਚ ਅਕਾਊਂਟਸ, ਐਡਵਾਂਸ ਰੂਲਿੰਗ, ਅਪੀਲ, ਰਿਵੀਜਨ, ਅਸੈਸਮੈਂਟ, ਆਡਿਟ, ਈ-ਵੇਅ ਬਿਲਜ਼ ਨਾਲ ਸੰਬੰਧਤ 7 ਨਿਯਮਾਂ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ਗਈ। ਟਰਾਂਜ਼ੈਕਸ਼ਨ ਅਤੇ ਰਿਟਰਨ ਨਾਲ ਸੰਬੰਧਤ ਦੋ ਨਿਯਮਾਂ ਨੂੰ ਅਜੇ ਕਾਨੂੰਨੀ ਕਮੇਟੀ ਵਲੋਂ ਵਾਚਿਆ ਜਾਣਾ ਬਾਕੀ ਹੈ।
ਮਾਲੀਆ ਸਕੱਤਰ ਹੱਸਮੁੱਖ ਆਧੀਆ ਮੁਤਾਬਕ 14 ਫੀਸਦੀ ਵਸਤਾਂ ਨੂੰ 5 ਫੀਸਦੀ, 17 ਫੀਸਦੀ ਵਸਤਾਂ ਨੂੰ 12 ਫੀਸਦੀ, 43 ਫੀਸਦੀ ਵਸਤਾਂ ਨੂੰ 18 ਫੀਸਦੀ ਅਤੇ 19 ਫੀਸਦੀ ਵਸਤਾਂ ਨੂੰ 28 ਫੀਸਦੀ ਟੈਕਸ ਸਲੈਬ ਵਿਚ ਰੱਖਿਆ ਗਿਆ ਹੈ। ਮਾਲੀਆ ਸਕੱਤਰ ਨੇ ਜੀ. ਐੱਸ. ਟੀ. ਟੈਕਸ ਦਰਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਲੇ 'ਤੇ ਜੀ. ਐੱਸ. ਟੀ. ਦਰ 5 ਫੀਸਦੀ ਤੈਅ ਕੀਤੀ ਗਈ ਹੈ। ਇਹ ਦਰ ਇਸ ਸਮੇਂ 11.69 ਫੀਸਦੀ ਹੈ। ਉਮੀਦ ਹੈ ਕਿ ਸ਼ੁੱਕਰਵਾਰ ਹੋਣ ਵਾਲੀ ਬੈਠਕ ਵਿਚ ਸੋਨਾ ਤੇ ਬੀੜੀ ਵਰਗੀਆਂ ਵਸਤਾਂ 'ਤੇ ਲੱਗਣ ਵਾਲੇ ਜੀ. ਐੱਸ. ਟੀ. ਸੰਬੰਧੀ ਵੀ ਸਹਿਮਤੀ ਬਣ ਜਾਵੇਗੀ।
ਅਨਾਜ, ਦੁੱਧ, ਪੂਜਾ ਸਮੱਗਰੀ ਤੇ ਧਾਗੇ ਹੋ ਸਕਦੇ ਹਨ ਟੈਕਸ ਫ੍ਰੀ
ਸ਼ੁੱਕਰਵਾਰ ਹੋਣ ਵਾਲੀ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਉਨ੍ਹਾਂ ਵਸਤਾਂ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ ਜਿਨ੍ਹਾਂ ਨੂੰ ਟੈਕਸ ਤੋਂ ਪੂਰੀ ਛੋਟ ਦਿੱਤੀ ਜਾਣੀ ਹੈ। ਇਨ੍ਹਾਂ ਵਿਚ ਅਨਾਜ, ਦੁੱਧ, ਸਿਲਕੀ ਧਾਗੇ, ਪੂਜਾ ਸਮੱਗਰੀ, ਹੱਥਖੱਡੀ ਦਾ ਸਾਮਾਨ ਆਦਿ ਵਸਤਾਂ ਸ਼ਾਮਲ ਹਨ।
ਕਿਸ ਵਸਤੂ 'ਤੇ ਕਿੰਨਾ ਟੈਕਸ ਲੱਗੇਗਾ
ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਖੰਡ, ਚਾਹ ਪੱਤੀ, ਕੌਫੀ ਅਤੇ ਖਾਣ ਵਾਲੇ ਤੇਲਾਂ 'ਤੇ 5 ਫੀਸਦੀ ਅਤੇ ਹੇਅਰ ਆਇਲ, ਸਾਬੁਨ ਤੇ ਟੂਥ ਪੇਸਟ ਆਦਿ 'ਤੇ 18 ਫੀਸਦੀ ਟੈਕਸ ਹੋਵੇਗਾ।