ਨਵੀਂ ਦਿੱਲੀ, 19 ਮਈ, 2017 : ਦੇਸ਼ 'ਚ ਜੀ. ਐੱਸ. ਟੀ. ਲਾਗੂ ਹੋਣ 'ਤੇ ਖਾਣ-ਪੀਣ ਅਤੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਤਾਂ ਸਸਤੀਆਂ ਹੋਣਗੀਆਂ ਹੀ, ਬਿਜਲੀ ਅਤੇ ਲੋਹਾ-ਸਟੀਲ ਦੇ ਵੀ ਸਸਤੇ ਹੋਣ ਦੇ ਆਸਾਰ ਹਨ। ਅਜਿਹਾ ਇਸ ਲਈ ਕਿਉਂਕਿ ਜੀ. ਐੱਸ. ਟੀ. ਪ੍ਰੀਸ਼ਦ ਨੇ ਇਨ੍ਹਾਂ ਨਾਲ ਜੁੜੀਆਂ ਵਸਤੂਆਂ 'ਤੇ ਜੀ. ਐੱਸ. ਟੀ. ਦੀ ਦਰ ਮੌਜੂਦਾ ਟੈਕਸ ਤੋਂ ਵੀ ਘੱਟ ਤੈਅ ਕੀਤੀ ਹੈ। ਹੁਣ ਤਕ 6 ਵਸਤੂਆਂ ਨੂੰ ਛੱਡ ਕੇ 1211 'ਤੇ ਜੀ. ਐੱਸ. ਟੀ. ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) 'ਚ 7 ਫੀਸਦੀ ਵਸਤੂਆਂ ਛੋਟ ਦੀ ਸ਼੍ਰੇਣੀ 'ਚ ਸ਼ਾਮਲ ਕੀਤੀਆਂ ਗਈਆਂ ਹਨ। ਜਦੋਂ ਕਿ 14 ਫੀਸਦੀ ਵਸਤੂਆਂ 'ਤੇ ਟੈਕਸ ਦਰ 5 ਫੀਸਦੀ ਰੱਖੀ ਗਈ ਹੈ। ਇਸ ਤੋਂ ਇਲਾਵਾ 17 ਫੀਸਦੀ ਵਸਤੂਆਂ ਨੂੰ 12 ਫੀਸਦੀ ਦਰ ਹੇਠ, 43 ਫੀਸਦੀ ਵਸਤੂਆਂ ਨੂੰ 18 ਫੀਸਦੀ ਦਰ ਹੇਠ ਅਤੇ 19 ਫੀਸਦੀ ਵਸਤੂਆਂ ਨੂੰ 28 ਫੀਸਦੀ ਟੈਕਸ ਦਰ ਹੇਠ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜੀ. ਐੱਸ. ਟੀ. 'ਚ ਚਾਰ ਪ੍ਰਮੁੱਖ ਟੈਕਸ ਦਰਾਂ- 5, 12, 18 ਅਤੇ 28 ਫੀਸਦੀ ਹਨ, ਜੋ ਕਿ ਵੱਖ-ਵੱਖ ਸ਼੍ਰੇਣੀ ਦੀਆਂ ਵਸਤੂਆਂ 'ਤੇ ਤੈਅ ਕੀਤੀਆਂ ਗਈਆਂ ਹਨ।
ਕਿਸ ਤੇ ਕਿੰਨਾ ਹੋਵੇਗਾ ਟੈਕਸ?
* ਵਾਲਾਂ ਦਾ ਤੇਲ, ਸਾਬਣ, ਟੂਥ ਪੇਸਟ ਆਦਿ ਸਸਤੇ ਹੋਣਗੇ। ਅਜੇ ਇਨ੍ਹਾਂ 'ਤੇ 28 ਫੀਸਦੀ ਟੈਕਸ ਲੱਗਦਾ ਹੈ। ਹੁਣ 18 ਫੀਸਦੀ ਟੈਕਸ ਲਗਾਇਆ ਜਾਵੇਗਾ। ਪਲਾਸਿਟਕ ਦੀਆਂ ਚੀਜ਼ਾਂ— ਰਸੋਈ ਦੇ ਸਾਮਾਨ, ਕੈਨ, ਪਾਇਪ, ਸ਼ੀਟ 'ਤੇ 18 ਫੀਸਦੀ ਟੈਕਸ ਹੋਵੇਗਾ।
* ਕਣਕ, ਚੌਲ, ਦੁੱਧ, ਦਹੀਂ, ਲੱਸੀ, ਪਨੀਰ, ਗੁੜ, ਕੱਚੇ ਫਲ-ਸਬਜ਼ੀਆਂ ਨੂੰ ਟੈਕਸ ਦਾਇਰੇ 'ਚੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ 'ਤੇ ਹੁਣ ਵੀ ਟੈਕਸ ਨਹੀਂ ਲੱਗਦਾ ਹੈ ਪਰ ਕੁਝ ਸੂਬਿਆਂ 'ਚ ਗਿਣੇ-ਚੁਣੇ ਅਨਾਜ 'ਤੇ 5 ਫੀਸਦੀ ਵੈਟ ਲੱਗਦਾ ਹੈ, ਜੋ ਕਿ ਖਤਮ ਹੋ ਜਾਵੇਗਾ।
* ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਮਿਠਾਈ, ਖੰਡ, ਚਾਹ, ਕੌਫੀ, ਬੱਚਿਆਂ ਦੇ ਮਿਲਕ ਫੂਡ, ਪ੍ਰੋਸੈਸਡ (ਤਿਆਰ) ਫਲ-ਸਬਜ਼ੀਆਂ ਅਤੇ ਬ੍ਰਾਂਡਡ ਆਟੇ 'ਤੇ 5 ਫੀਸਦੀ ਟੈਕਸ ਲੱਗੇਗਾ। ਪਹਿਲਾਂ ਵੀ ਇਨ੍ਹਾਂ 'ਤੇ ਲਗਭਗ ਇੰਨਾ ਹੀ ਟੈਕਸ ਲੱਗਦਾ ਸੀ। ਇਸ ਲਈ ਇਨ੍ਹਾਂ 'ਤੇ ਕੋਈ ਜ਼ਿਆਦਾ ਅਸਰ ਪੈਣ ਦੇ ਆਸਾਰ ਨਹੀਂ ਹਨ। ਇਸ ਤੋਂ ਇਲਾਵਾ ਜੀਵਨ ਰੱਖਿਅਕ ਦਵਾਈਆਂ ਨੂੰ 5 ਫੀਸਦੀ ਟੈਕਸ ਦਰ 'ਚ ਰੱਖਿਆ ਗਿਆ ਹੈ।
* ਕੋਇਲੇ 'ਤੇ ਅਜੇ 11.69 ਫੀਸਦੀ ਟੈਕਸ ਲੱਗਦਾ ਹੈ ਪਰ ਜੀ. ਐੱਸ. ਟੀ. ਆਉਣ 'ਤੇ ਇਹ ਟੈਕਸ ਸਿਰਫ 5 ਫੀਸਦੀ ਲੱਗੇਗਾ। ਇਸ ਨਾਲ ਕਈ ਸੂਬਿਆਂ 'ਚ ਬਿਜਲੀ ਦਰਾਂ ਘੱਟ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹਾਲ ਹੀ 'ਚ ਕੋਇਲਾ ਨੀਤੀ 'ਚ ਬਦਲਾਅ ਵੀ ਕੀਤਾ ਹੈ, ਜਿਸ ਨਾਲ ਬਾਜ਼ਾਰ 'ਚ ਬਿਜਲੀ ਉਤਪਾਦਨ ਵਧੇਗਾ। ਉੱਥੇ ਹੀ ਕੋਇਲੇ ਦੀ ਵਰਤੋਂ ਲੋਹਾ-ਸਟੀਲ ਉਦਯੋਗ 'ਚ ਵੀ ਹੁੰਦੀ ਹੈ। ਇਸ ਲਈ ਕੋਇਲੇ 'ਤੇ ਟੈਕਸ ਘੱਟ ਜਾਣ ਨਾਲ ਇਨ੍ਹਾਂ ਦੇ ਸਸਤੇ ਹੋਣ ਦੇ ਆਸਾਰ ਹਨ।
* ਬ੍ਰਾਂਡਡ ਘਿਓ, ਪਨੀਰ, ਮੱਖਣ ਅਤੇ ਹੋਰ ਫੈਟਸ 'ਤੇ 12 ਫੀਸਦੀ ਟੈਕਸ ਲੱਗੇਗਾ ਯਾਨੀ ਕਿ ਇਹ ਮਹਿੰਗੇ ਹੋਣਗੇ। ਅਜੇ ਇਨ੍ਹਾਂ 'ਤੇ 5 ਤੋਂ 7 ਫੀਸਦੀ ਤਕ ਟੈਕਸ ਲੱਗਦਾ ਹੈ। ਪੈਕੇਡ ਡਰਾਈ ਫਰੂਟਸ, ਸੋਸ, ਫਲਾਂ-ਸਬਜ਼ੀਆਂ ਦੇ ਜੂਸ, ਨਮਕੀਨ-ਭੁਜੀਆ, ਆਯੁਰਵੇਦਿਕ ਦਵਾਈਆਂ, ਮੋਬਾਇਲ ਆਦਿ 'ਤੇ 12 ਫੀਸਦੀ ਟੈਕਸ ਹੋਵੇਗਾ।
* ਪਲਾਸਟਿਕ ਦੇ ਫਲੋਰ ਕਵਰਿੰਗ ਅਤੇ ਬਾਥਰੂਮ ਦੇ ਸਾਮਾਨ 'ਤੇ 28 ਫੀਸਦੀ ਟੈਕਸ ਲੱਗੇਗਾ। ਮੇਕਅਪ ਦੇ ਸਾਮਾਨ, ਸਨਸਕ੍ਰੀਨ ਲੋਸ਼ਨ, ਸ਼ੈਂਪੂ, ਹੇਅਰ ਕ੍ਰੀਮ, ਹੇਅਰ ਕਲਰ/ਡਾਈ, ਸ਼ੇਵਿੰਗ ਕ੍ਰੀਮ, ਡਿਓਡ੍ਰੈਂਟ 'ਤੇ ਵੀ 28 ਫੀਸਦੀ ਟੈਕਸ ਹੋਵੇਗਾ। ਇਹ ਸਭ ਮਹਿੰਗੇ ਹੋਣਗੇ। ਏਸੀ ਅਤੇ ਫ੍ਰਿਜ ਨੂੰ ਵੀ 28 ਫੀਸਦੀ ਟੈਕਸ ਦਾਇਰੇ 'ਚ ਰੱਖਿਆ ਗਿਆ ਹੈ। ਹਾਲਾਂਕਿ ਅਜੇ ਇਨ੍ਹਾਂ 'ਤੇ 30-31 ਫੀਸਦੀ ਟੈਕਸ ਲੱਗਦਾ ਹੈ।