ਨਵੀਂ ਦਿੱਲੀ, 25 ਮਾਰਚ, 2017 : 25 ਮਾਰਚ ਤੋਂ ਲੈ ਕੇ 1 ਅਪ੍ਰੈਲ ਤਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਕੁਝ ਦਫਤਰਾਂ ਸਮੇਤ ਸਾਰੇ ਸਰਕਾਰੀ ਅਤੇ ਕੁਝ ਨਿੱਜੀ ਬੈਂਕ ਲਗਾਤਾਰ ਖੁੱਲ੍ਹੇ ਰਹਿਣਗੇ। ਇਸ ਦੌਰਾਨ ਇਨ੍ਹਾਂ ਬੈਂਕਾਂ 'ਚ ਟੈਕਸ ਕਲੈਕਸ਼ਨ, ਸਰਕਾਰੀ ਲੈਣ-ਦੇਣ ਨਾਲ ਸੰਬੰਧਤ ਸਾਰੇ ਕੰਮ ਨਿਪਟਾਏ ਜਾਣਗੇ। ਮਤਲਬ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਮਹੀਨੇ ਦੇ ਦੂਜੇ ਅਤੇ ਆਖਰੀ ਸ਼ਨੀਵਾਰ ਨੂੰ ਸਾਰੇ ਬੈਂਕ ਬੰਦ ਰਹਿੰਦੇ ਹਨ। ਉੱਥੇ ਹੀ ਐਤਵਾਰ ਨੂੰ ਸਾਰੇ ਬੈਂਕਾਂ 'ਚ ਛੁੱਟੀ ਰਹਿੰਦੀ ਹੈ ਪਰ ਆਰ. ਬੀ. ਆਈ. ਦੇ ਇਸ ਹੁਕਮ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਖੁੱਲ੍ਹੇ ਰਹਿਣਗੇ।
ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਦੋਵੇਂ ਦਿਨ ਸਿਰਫ ਸਰਕਾਰੀ ਕੰਮਕਾਜ ਹੀ ਨਿਪਟਾਇਆ ਜਾਵੇਗਾ ਜਾਂ ਫਿਰ ਆਮ ਲੋਕਾਂ ਲਈ ਵੀ ਬੈਂਕ ਖੁੱਲ੍ਹੇ ਰਹਿਣਗੇ। ਆਰ. ਬੀ. ਆਈ. ਨੇ ਲਿਖਿਆ ਹੈ ਕਿ ਸਾਰੇ ਬੈਂਕ ਜਾਂ ਬਰਾਂਚਾਂ ਜਿੱਥੇ ਸਰਕਾਰੀ ਲੈਣ-ਦੇਣ ਜਾਂ ਕੰਮਕਾਜ ਦਾ ਨਿਪਟਾਰਾ ਹੋਣਾ ਹੈ ਉਹ 25 ਮਾਰਚ ਤੋਂ 1 ਅਪ੍ਰੈਲ ਤਕ ਖੁੱਲ੍ਹੇ ਰਹਿਣਗੇ।