ਨਵੀਂ ਦਿੱਲੀ, 4 ਜਨਵਰੀ, 2017 : ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ ਦਾ ਫਾਇਦਾ ਸਰਕਾਰ ਨੂੰ ਤਾਂ ਹੋਇਆ ਪਰ ਖਪਤਕਾਰਾਂ ਨੂੰ ਨਹੀਂ। ਪਿਛਲੇ 25 ਮਹੀਨਿਆਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਐਕਸਾਈਜ਼ ਡਿਊਟੀ ਤੋਂ ਕੇਂਦਰ ਅਤੇ ਵੈਟ ਤੋਂ ਸੂਬਾ ਸਰਕਾਰਾਂ ਦੀ ਕਮਾਈ ਤਾਂ ਹੋਈ ਪਰ ਖਪਤਕਾਰਾਂ ਨੂੰ ਪੈਟਰੋਲ-ਡੀਜ਼ਲ ਦੀ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਹੈ। ਨਵੰਬਰ 2014 'ਚ ਭਾਰਤੀ ਬਾਸਕਿਟ 'ਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਤੇੜੇ ਸੀ। ਇਸ ਦੌਰਾਨ ਦਿੱਲੀ 'ਚ ਪੈਟਰੋਲ ਦੀ ਕੀਮਤ 64.24 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ 2 ਜਨਵਰੀ 2017 'ਚ ਕੱਚੇ ਤੇਲ ਦਾ ਮੁੱਲ 54.41 ਡਾਲਰ ਪ੍ਰਤੀ ਬੈਰਲ ਰਿਹਾ। ਦਿੱਲੀ 'ਚ ਪੈਟਰੋਲ ਦਾ ਮੁੱਲ 70.60 ਰੁਪਏ ਪ੍ਰਤੀ ਲੀਟਰ ਹੈ। ਦੱਸ ਦੇਈਏ ਕਿ ਇਕ ਡਾਲਰ ਦੀ ਕੀਮਤ 68 ਰੁਪਏ ਹੈ।
ਬਿਨਾਂ ਟੈਕਸ ਅਤੇ ਵੈਟ ਦੇ ਪੈਟਰੋਲ ਦੀ ਕੀਮਤ 31.54 ਅਤੇ ਡੀਜ਼ਲ ਦੀ 30.34 ਰੁਪਏ ਪ੍ਰਤੀ ਲੀਟਰ ਹੈ। ਨਵੰਬਰ 2014 'ਚ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.20 ਰੁਪਏ ਸੀ। ਜਨਵਰੀ 2017 'ਚ ਇਹ ਵਧ ਕੇ 21.48 ਰੁਪਏ ਹੋ ਗਈ। ਉੱਥੇ ਹੀ ਨਵੰਬਰ 2014 'ਚ ਡੀਜ਼ਲ 'ਤੇ ਐਕਸਾਈਜ਼ ਡਿਊਟੀ 3.46 ਰੁਪਏ ਸੀ ਅਤੇ ਜਨਵਰੀ 2017 'ਚ 17.33 ਰੁਪਏ ਹੈ। ਇਸੇ ਤਰ੍ਹਾਂ ਬੀਤੇ 25 ਮਹੀਨਿਆਂ 'ਚ ਪੈਟਰੋਲ ਅਤੇ ਐਕਸਾਈਜ਼ ਡਿਊਟੀ 12.28 ਰੁਪਏ ਅਤੇ ਡੀਜ਼ਲ 'ਤੇ 13.87 ਰੁਪਏ ਵਧੀ ਹੈ।
ਇਸ ਤਰ੍ਹਾਂ ਦੇਖੀਏ ਤਾਂ ਪੈਟਰੋਲ 'ਤੇ ਐਕਸਾਈਜ਼ ਡਿਊਟੀ ਇਸ ਦੌਰਾਨ ਦੁਗਣੀ ਅਤੇ ਡੀਜ਼ਲ 'ਤੇ ਤਕਰੀਬਨ 5 ਗੁਣਾ ਜ਼ਿਆਦਾ ਹੈ। ਹਾਲਾਂਕਿ ਪਿਛਲੇ 9 ਮਹੀਨਿਆਂ ਤੋਂ ਐਕਸਾਈਜ਼ ਡਿਊਟੀ 'ਚ ਕੋਈ ਵਾਧਾ ਨਹੀਂ ਹੋਇਆ ਹੈ। 2015 'ਚ ਐਕਸਾਈਜ਼ ਡਿਊਟੀ 'ਚ ਕਈ ਵਾਰ ਵਾਧਾ ਕੀਤਾ ਗਿਆ ਸੀ।
ਕੱਚਾ ਤੇਲ ਸਸਤਾ ਹੋਣ ਦਾ ਫਾਇਦਾ ਖਪਤਕਾਰ ਨੂੰ ਮਿਲਣਾ ਚਾਹੀਦਾ ਸੀ ਪਰ ਪੂਰੀ ਤਰ੍ਹਾਂ ਅਜਿਹਾ ਨਹੀਂ ਹੋਇਆ। ਨਵੰਬਰ 2014 'ਚ ਦਿੱਲੀ 'ਚ ਪੈਟਰੋਲ 64.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 53.35 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ 2 ਜਨਵਰੀ 2017 ਨੂੰ ਦਿੱਲੀ 'ਚ ਪੈਟਰੋਲ 70.60 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 57.82 ਰੁਪਏ ਪ੍ਰਤੀ ਲੀਟਰ ਹੈ। ਮਤਲਬ ਕਿ ਨਵੰਬਰ 2014 ਦੇ ਮੁਕਾਬਲੇ ਪੈਟਰੋਲ 'ਤੇ ਖਪਤਕਾਰ ਨੂੰ 6.36 ਰੁਪਏ ਅਤੇ ਡੀਜ਼ਲ 'ਤੇ 4.47 ਰੁਪਏ ਪ੍ਰਤੀ ਲੀਟਰ ਜ਼ਿਆਦਾ ਦੇਣੇ ਪੈ ਰਹੇ ਹਨ। ਜਦੋਂ ਕਿ ਭਾਰਤੀ ਬਾਜ਼ਾਰ 'ਚ ਕੱਚੇ ਤੇਲ ਦੇ ਮੁੱਲ ਇਸ ਮਿਆਦ 'ਚ 25.55 ਰੁਪਏ ਪ੍ਰਤੀ ਬੈਰਲ ਘੱਟ ਹਨ।